ਮਹਿੰਗਾਈ ਕਾਰਨ ਬੱਚੇ ਪੈਦਾ ਨਹੀਂ ਕਰ ਰਹੇ ਚੀਨੀ ਲੋਕ
Friday, Jan 17, 2020 - 10:09 PM (IST)
 
            
            ਬੀਜ਼ਿੰਗ - ਚੀਨ 'ਚ 1949 ਤੋਂ ਬਾਅਦ ਸਭ ਤੋਂ ਘੱਟ ਜਨਮ ਦਰ ਪਿਛਲੇ ਸਾਲ ਦਰਜ ਕੀਤੀ ਗਈ। ਇਸ ਤੋਂ ਬਾਅਦ ਚਿੰਤਾ ਵਧ ਗਈ ਹੈ ਕਿ ਸਮਾਜ 'ਚ ਲੋਕਾਂ ਦੀ ਵਧਦੀ ਉਮਰ ਅਤੇ ਘੱਟ ਰਹੀ ਕਾਰਜ ਸ਼ਕਤੀ ਸੁਸਤ ਅਰਥ ਵਿਵਸਥਾ 'ਤੇ ਅਸਰ ਪਾਵੇਗੀ। ਦੇਸ਼ 'ਚ 1949 ਤੋਂ ਹੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਹੋਈ ਸੀ। ਜਨਸੰਖਿਆ ਸੰਕਟ ਤੋਂ ਬਚਣ ਲਈ ਸਰਕਾਰ ਨੇ 2016 'ਚ ਇਕ ਬੱਚਾ ਨੀਤੀ 'ਚ ਢਿੱਲ ਦਿੱਤੀ ਤਾਂ ਜੋ ਲੋਕ 2 ਬੱਚੇ ਪੈਦਾ ਕਰ ਸਕਣ ਪਰ ਇਸ ਬਦਲਾਅ ਦਾ ਕੋਈ ਅਸਰ ਨਾ ਹੋਇਆ।
ਰਾਸ਼ਟਰੀ ਆਬਾਦੀ ਬਿਊਰੋ (ਨੈਸ਼ਨਲ ਬਿਊਰੋ ਆਫ ਸਟੈਟਿਕਟਿਕਸ) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜੇ ਮੁਤਾਬਕ, 2019 'ਚ ਜਨਮ ਦਰ ਪ੍ਰਤੀ ਇਕ ਹਜ਼ਾਰ ਆਬਾਦੀ 'ਤੇ 10:48 ਰਿਹਾ ਜੋ ਪਿਛਲੇ ਸਾਲ ਦੀ ਤੁਲਨਾ 'ਚ ਥੋੜਾ ਘੱਟ ਹੈ। ਜਨਮ 'ਚ ਲਗਾਤਾਰ ਤੀਜੇ ਸਾਲ ਵੀ ਕਮੀ ਆਈ ਹੈ, ਫਿਰ ਵੀ 2019 'ਚ 1.465 ਕਰੋੜ ਬੱਚਿਆਂ ਦਾ ਜਨਮ ਹੋਇਆ। ਅਮਰੀਕੀ ਵਿਦਿਅਕ ਯੀ ਫੁਕਸਿਆਨ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਭਾਂਵੇ ਹੀ ਚੀਨ ਨੇ ਇਕ ਬੱਚੇ ਦੀ ਨੀਤੀ ਖਤਮ ਕਰ ਦਿੱਤੀ ਹੈ ਪਰ ਜਨਤਾ ਦਾ ਵਿਚਾਰ ਬਦਲਿਆ ਹੈ ਅਤੇ ਲੋਕ ਹੁਣ ਛੋਟਾ ਪਰਿਵਾਰ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਗੁਜ਼ਾਰੇ ਲਈ ਵੱਧਦੀ ਲਾਗਤ ਵੀ ਇਕ ਕਾਰਕ ਹੈ। ਉਨ੍ਹਾਂ ਆਖਿਆ ਕਿ ਬੱਚਿਆਂ ਦੀ ਦੇਖਭਾਲ ਮਹਿੰਗੀ ਹੈ ਅਤੇ ਚੀਨ 'ਚ ਇਹ ਸੁਵਿਧਾਜਨਕ ਨਹੀਂ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            