ਚੀਨ ਸਰਕਾਰ ਨੇ ਰਚੀ ਸੀ ਗਲਵਾਨ ਘਾਟੀ ਹਿੰਸਾ ਦੀ ਸਾਜ਼ਿਸ਼ : ਅਮਰੀਕੀ ਰਿਪੋਰਟ

Wednesday, Dec 02, 2020 - 11:10 PM (IST)

ਚੀਨ ਸਰਕਾਰ ਨੇ ਰਚੀ ਸੀ ਗਲਵਾਨ ਘਾਟੀ ਹਿੰਸਾ ਦੀ ਸਾਜ਼ਿਸ਼ : ਅਮਰੀਕੀ ਰਿਪੋਰਟ

ਵਾਸ਼ਿੰਗਟਨ— ਅਮਰੀਕੀ ਸੰਸਦ ਕਾਂਗਰਸ ਦੀ ਇਕ ਉੱਚ ਕਮੇਟੀ ਨੇ ਆਪਣੀ ਸਾਲਾਨਾ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ ਚੀਨ ਸਰਕਾਰ ਨੇ ਇਸ ਸਾਲ ਜੂਨ 'ਚ ਗਲਵਾਨ ਘਾਟੀ 'ਚ ਹੋਈ ਖੂਨੀ ਹਿੰਸਾ ਦੀ ਸਾਜ਼ਿਸ਼ ਰਚੀ ਸੀ। ਇਸ ਹਮਲੇ ਦਾ ਮਕਸਦ ਚੀਨ ਦਾ ਆਪਣੇ ਗੁਆਂਢੀ ਦੇਸ਼ਾਂ ਵਿਰੁੱਧ ਜ਼ੋਰ-ਜਬਰਦਸਤੀ ਮੁਹਿੰਮ ਨੂੰ ਤੇਜ਼ ਕਰਨਾ ਸੀ। ਗਲਵਾਨ ਘਾਟੀ 'ਚ ਚੀਨ ਦੇ ਫ਼ੌਜੀਆਂ ਨੇ ਰਾਤ ਦੇ ਹਨੇਰੇ 'ਚ ਭਾਰਤੀ ਫ਼ੌਜੀਆਂ 'ਤੇ ਪਿੱਠ ਪਿੱਛੇ ਹਮਲਾ ਕੀਤਾ ਸੀ, ਜਿਸ 'ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ।


ਅਮਰੀਕਾ ਦੇ ਚੀਨ ਆਰਥਿਕ ਅਤੇ ਸੁਰੱਖਿਆ ਸਮੀਖਿਆ ਕਮਿਸ਼ਨ (ਯੂ. ਐੱਸ. ਸੀ. ਸੀ.) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਕੁਝ ਸਬੂਤ ਇਹ ਦੱਸਦੇ ਹਨ ਕਿ ਚੀਨ ਸਰਕਾਰ ਨੇ ਇਸ ਹਮਲੇ ਦੀ ਸਾਜ਼ਿਸ਼ ਘੜੀ ਸੀ। ਇਸ 'ਚ ਫ਼ੌਜੀਆਂ ਦੇ ਕਤਲ ਦੀ ਸੰਭਾਵਨਾ ਵੀ ਸ਼ਾਮਲ ਹੈ। ਯੂ. ਐੱਸ. ਸੀ. ਸੀ. ਦੀ ਸਥਾਪਨਾ ਸਾਲ 2000 'ਚ ਹੋਈ ਸੀ, ਜੋ ਅਮਰੀਕਾ ਅਤੇ ਚੀਨ ਵਿਚਕਾਰ ਕੌਮੀ ਸੁਰੱਖਿਆ ਅਤੇ ਵਪਾਰ ਦੇ ਮੁੱਦਿਆਂ ਦੀ ਜਾਂਚ ਕਰਦਾ ਹੈ। ਇਹ ਅਮਰੀਕੀ ਕਾਂਗਰਸ ਨੂੰ ਚੀਨ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਦੀ ਸਿਫ਼ਾਰਸ਼ ਵੀ ਕਰਦਾ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਸਰਕਾਰ ਦੇ ਅਸਲ ਕੰਟਰੋਲ ਰੇਖਾ 'ਤੇ ਭੜਕਾਊ ਕਦਮ ਚੁੱਕਣ ਪਿਛਲੇ ਠੀਕ-ਠੀਕ ਕਾਰਨ ਅਜੇ ਇਸ ਸਾਲ ਪਤਾ ਨਹੀਂ ਲੱਗ ਪਾਇਆ ਹੈ। ਹਾਲਾਂਕਿ ਚੀਨ ਦੇ ਇਸ ਕਦਮ ਦਾ ਸੰਭਾਵਤ ਕਾਰਨ ਭਾਰਤ ਦਾ ਸਰਹੱਦੀ ਇਲਾਕਿਆਂ 'ਚ ਕੂਟਨੀਤਕ ਸੜਕ ਬਣਾਉਣਾ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਗਲਵਾਨ ਹਿੰਸਾ ਤੋਂ ਕੁਝ ਹਫ਼ਤੇ ਪਹਿਲਾਂ ਹੀ ਚੀਨ ਦੇ ਰੱਖਿਆ ਮੰਤਰੀ ਵੇਈ ਨੇ ਆਪਣੇ ਜਵਾਨਾਂ ਨੂੰ ਸਥਿਰਤਾ ਲਿਆਉਣ ਲਈ ਜੰਗ ਕਰਨ ਬਾਰੇ ਹੱਲਾਸ਼ੇਰੀ ਦਿੱਤੀ ਸੀ। ਇਹੀ ਨਹੀਂ ਚੀਨ ਦੇ ਕਮਿਊਨਿਸਟ ਪਾਰਟੀ ਦੇ ਗਲੋਬਲ ਟਾਈਮਜ਼ ਨੇ ਵੀ ਭਾਰਤ ਨੂੰ ਚਿਤਾਵਨੀ ਦਿੱਤੀ ਸੀ। ਇਸ 'ਚ ਚੀਨੀ ਅਖ਼ਬਾਰ ਨੇ ਕਿਹਾ ਸੀ ਕਿ ਜੇਕਰ ਭਾਰਤ ਅਮਰੀਕਾ-ਚੀਨ ਮੁਕਾਬਲੇ 'ਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਵਪਾਰ ਅਤੇ ਆਰਥਿਕ ਮੋਰਚੇ 'ਤੇ ਕਰਾਰਾ ਜਵਾਬ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਗਲਵਾਨ ਹਿੰਸਾ ਤੋਂ ਕੁਝ ਹਫ਼ਤੇ ਪਹਿਲਾਂ ਹੀ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ 'ਚ ਦਿਖਾਈ ਦਿੱਤਾ ਸੀ ਕਿ ਚੀਨ ਨੇ ਇਸ ਹਿੰਸਾ ਤੋਂ ਪਹਿਲਾਂ ਇਕ ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਸੀ।


author

Sanjeev

Content Editor

Related News