ਚੀਨ 'ਚ ਜਨਸੰਖਿਆ ਸੰਕਟ, ਬੱਚੇ ਪੈਦਾ ਕਰਨ ਲਈ ਸਰਕਾਰ ਦੇ ਰਹੀ ਹੈ 23 ਲੱਖ ਤੋਂ ਵੱਧ ਦਾ ਲੋਨ

Saturday, Dec 25, 2021 - 04:59 PM (IST)

ਬੀਜਿੰਗ- ਦੁਨੀਆ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਚੀਨ ਆਪਣੀ ਘਟਦੀ ਆਬਾਦੀ ਤੋਂ ਪ੍ਰੇਸ਼ਾਨ ਹੈ। ਸਰਕਾਰ ਆਬਾਦੀ ਵਧਾਉਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੀ ਹੈ। ਵਨ ਚਾਈਲਡ ਪਾਲਿਸੀ ਤੋਂ ਲੋਕਾਂ ਨੂੰ ਮੁਕਤ ਕਰਨ ਤੋਂ ਬਾਅਦ ਵੀ ਕੋਈ ਖ਼ਾਸ ਫਰਕ ਨਹੀਂ ਪਿਆ। ਅਜਿਹੇ 'ਚ ਚੀਨ ਦੀ ਸਭ ਤੋਂ ਤੇਜ਼ੀ ਨਾਲ ਸੁੰਗੜ ਰਹੀ ਆਬਾਦੀ ਵਾਲਾ ਸੂਬਾ ਵਿਆਹ ਅਤੇ ਬੱਚੇ ਪੈਦਾ ਕਰਨ ਲਈ ਜੋੜਿਆਂ ਨੂੰ ਇਕ ਖਾਸ ਤਰ੍ਹਾਂ ਦਾ ਲੋਨ ਦੇ ਰਿਹਾ ਹੈ। ਇਸ ਦਾ ਮਕਸਦ ਤੇਜ਼ੀ ਨਾਲ ਬੁੱਢੇ ਹੋ ਰਹੇ ਦੇਸ਼ ਦੀ ਜਨਮ ਦਰ 'ਚ ਗਿਰਾਵਟ ਨੂੰ ਰੋਕਣਾ ਹੈ। ਜਨਸੰਖਿਆ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ 'ਤੇ ਇਕ ਅਧਿਕਾਰਤ ਦਸਤਾਵੇਜ਼ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦਸਤਾਵੇਜ਼ ਅਨੁਸਾਰ ਉੱਤਰ-ਪੂਰਬੀ ਚੀਨ ਦੇ ਜਿਲਿਨ ਸੂਬੇ ਵਿਚ ਸਰਕਾਰ ਵਿਆਹੇ ਜੋੜਿਆਂ ਨੂੰ 200,000 ਯੂਆਨ (31,400 ਡਾਲਰ - ਕਰੀਬ 23 ਲੱਖ 50 ਹਜ਼ਾਰ ਤੋਂ ਵੱਧ) ਤੱਕ ਦਾ 'ਵਿਆਹ ਅਤੇ ਜਨਮ ਖਪਤਕਾਰ ਲੋਨ' ਪ੍ਰਦਾਨ ਕਰਨ ਲਈ ਬੈਂਕਾਂ ਦਾ ਸਮਰਥਨ ਕਰੇਗੀ। ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸਰਕਾਰ ਕਿਵੇਂ ਮਦਦ ਕਰੇਗੀ, ਪਰ ਇਸ ਵਿਚ ਰਿਆਇਤੀ ਵਿਆਜ ਦਰਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਵਾਪਰੇ ਹਾਦਸਿਆਂ ਨੇ ਸੁੰਨੀਆਂ ਕੀਤੀਆਂ ਕਈ ਮਾਵਾਂ ਦੀਆਂ ਕੁੱਖਾਂ, ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2021

ਚੀਨ ਦੀ ਜਨਮ ਦਰ ਪਿਛਲੇ ਕੁਝ ਸਾਲਾਂ ਵਿਚ ਤੇਜ਼ੀ ਨਾਲ ਘਟ ਰਹੀ ਹੈ। ਹੁਣ ਬਹੁਤ ਘੱਟ ਲੋਕ ਬੱਚੇ ਪੈਦਾ ਕਰ ਰਹੇ ਹਨ। ਸਰਕਾਰ ਨੇ ਲੋਕਾਂ ਨੂੰ ਕਈ ਛੋਟਾਂ ਵੀ ਦਿੱਤੀਆਂ ਹਨ, ਜਿਸ ਤਹਿਤ ਹੁਣ ਲੋਕ ਜਿੰਨੇ ਚਾਹੁਣ ਬੱਚੇ ਪੈਦਾ ਕਰ ਸਕਦੇ ਹਨ। ਚੀਨੀ ਸਰਕਾਰ ਲਗਾਤਾਰ ਇਕ ਪਰਿਵਾਰ ਦੇ ਪਾਲਣ-ਪੋਸ਼ਣ ਦੇ ਖਰਚੇ ਨੂੰ ਘੱਟ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਜਿਲਿਨ ਸੂਬੇ ਦੀ ਨੀਤੀ ਅਨੁਸਾਰ ਜੇਕਰ ਕਿਸੇ ਜੋੜੇ ਦੇ ਬੱਚੇ ਹਨ ਅਤੇ ਉਹ ਉਸ ਦਾ ਬਿਓਰਾ ਸਰਕਾਰ ਕੋਲ ਦਰਜ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਨਾ ਸਿਰਫ਼ ਸੂਬੇ ਵਿਚ ਰੈਜ਼ੀਡੈਂਟ ਪਰਮਿਟ ਦਿੱਤਾ ਜਾਵੇਗਾ, ਸਗੋਂ ਉਹ ਸੂਬੇ ਦੀਆਂ ਸਰਕਾਰੀ ਸਹੂਲਤਾਂ ਦਾ ਲਾਭ ਵੀ ਲੈ ਸਕਣਗੇ। 

ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਸ਼ਾਲੀਨਾ ਕੁਮਾਰ ਨੇ ਰਚਿਆ ਇਤਿਹਾਸ, ਅਮਰੀਕਾ 'ਚ ਸੰਘੀ ਜੱਜ ਵਜੋਂ ਹੋਈ ਨਿਯੁਕਤ

ਵੀਰਵਾਰ ਨੂੰ ਜਾਰੀ ਕੀਤੇ ਗਏ ਦਸਤਾਵੇਜ਼ ਦੇ ਮੁਤਾਬਕ ਜੇਕਰ ਦੋ ਜਾਂ ਤਿੰਨ ਬੱਚਿਆਂ ਵਾਲਾ ਜੋੜਾ ਛੋਟਾ ਕਾਰੋਬਾਰ ਸ਼ੁਰੂ ਕਰਦਾ ਹੈ ਤਾਂ ਉਨ੍ਹਾਂ ਨੂੰ ਟੈਕਸ ਛੋਟ ਦਿੱਤੀ ਜਾਵੇਗੀ। ਜਿਲਿਨ ਸੂਬਾ ਪਿਛਲੇ ਦਹਾਕੇ ਤੋਂ ਘਟਦੀ ਜਨਸੰਖਿਆ ਅਤੇ ਸੁਸਤ ਆਰਥਿਕ ਵਿਕਾਸ ਦਾ ਸਾਹਮਣਾ ਕਰ ਰਿਹਾ ਹੈ। ਚੀਨ ਦੀ ਜਨਮ ਦਰ 1978 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। ਇਹ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਸਰਕਾਰ ਜਨਸੰਖਿਆ ਸੰਕਟ ਨੂੰ ਦੂਰ ਕਰਨ ਲਈ ਸੰਘਰਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ, ਦੱਖਣੀ ਅਫਰੀਕਾ ਦੀ ਸਰਵਉੱਚ ਨਿਆਂਇਕ ਬੈਂਚ ’ਚ ਨਿਯੁਕਤ ਹੋਏ ਭਾਰਤੀ ਮੂਲ ਦੇ ਜੱਜ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 


cherry

Content Editor

Related News