ਜਾਨਲੇਵਾ ਕੋਰੋਨਾਵਾਇਰਸ ਦੀ ਲਪੇਟ ''ਚ ਆਉਣ ਕਾਰਨ ਚੀਨੀ ਡਾਕਟਰ ਦੀ ਮੌਤ

Saturday, Jan 25, 2020 - 01:55 PM (IST)

ਜਾਨਲੇਵਾ ਕੋਰੋਨਾਵਾਇਰਸ ਦੀ ਲਪੇਟ ''ਚ ਆਉਣ ਕਾਰਨ ਚੀਨੀ ਡਾਕਟਰ ਦੀ ਮੌਤ

ਬੀਜਿੰਗ- ਚੀਨ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸੇ ਦੌਰਾਨ ਚੀਨ ਦੇ ਹੁਬੇਈ ਸੂਬੇ ਵਿਚ ਇਕ ਡਾਕਟਰ ਦੀ ਇਸ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਕਾਰਨ ਮਾਰੇ ਜਾਣ ਦੀ ਸ਼ਨੀਵਾਰ ਨੂੰ ਸੂਚਨਾ ਮਿਲੀ ਹੈ। ਸਥਾਨਕ ਮੀਡੀਆ ਮੁਤਾਬਕ ਇਹ ਕਿਸੇ ਮੈਡੀਕਲ ਮਾਹਰ ਦੇ ਇਸ ਵਾਇਰਸ ਦੀ ਲਪੇਟ ਵਿਚ ਆਉਣ ਦਾ ਪਹਿਲਾ ਮਾਮਲਾ ਹੈ। 

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਇਸ ਖਤਰਨਾਕ ਵਾਇਰਸ ਕਾਰਨ ਅਜੇ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਨਾਲ ਸਬੰਧਤ 1287 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੀ ਜਾਣਕਾਰੀ ਸ਼ਨੀਵਾਰ ਨੂੰ ਚੀਨੀ ਹੈਲਥ ਕਮਿਸ਼ਨ ਨੇ ਸ਼ਨੀਵਾਰ ਨੂੰ ਦਿੱਤੀ ਹੈ। ਵਿਭਾਗ ਨੇ ਦੱਸਿਆ ਕਿ 1287 ਲੋਕਾਂ ਵਿਚੋਂ 287 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਚੀਨੀ ਮੀਡੀਆ ਮੁਤਾਬਕ ਸੂਬੇ ਦੇ ਸਿਨਹੂਆ ਹਸਪਤਾਲ ਦੇ ਸਰਜਨ 62 ਸਾਲਾ ਲਿਏਂਗ ਵੁਡੋਂਗ ਦੀ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ 7 ਵਜੇ ਮੌਤ ਹੋ ਗਈ। ਲਿਏਂਗ ਦੇ ਇਸ ਵਾਇਰਸ ਨਾਲ ਗ੍ਰਸਤ ਹੋਣ ਦਾ ਬੀਤੇ ਹਫਤੇ ਪਤਾ ਲੱਗਿਆ ਸੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਵੁਹਾਨ ਦੇ ਜਿਨਯਿਨਤਾਨ ਹਸਪਤਾਲ ਇਲਾਜ ਲਈ ਦਾਖਲ ਕੀਤਾ ਗਿਆ ਸੀ।

ਚੀਨ ਵਿਚ ਇਸ ਜਾਨਲੇਵਾ ਵਾਇਰਸ ਕਾਰਨ ਸਥਿਤੀ ਬਹੁਤ ਖਰਾਬ ਬਣੀ ਹੋਈ ਹੈ। ਵੁਹਾਨ ਸਣੇ ਹੋਰ 12 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਵੁਹਾਨ ਦੇ ਹਸਪਤਾਲ ਵਿਚ ਵਿਸ਼ੇਸ਼ ਤੌਰ 'ਤੇ 40 ਮਾਹਰ ਡਾਕਟਰਾਂ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਇਸ ਵਾਇਰਸ ਦੇ ਪੀੜਤਾਂ ਦੀ ਦੇਖ-ਰੇਖ ਕਰ ਰਹੇ ਹਨ।


author

Baljit Singh

Content Editor

Related News