ਚੀਨੀ ਹਮਲਾਵਰਤਾ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵਜ੍ਹਾ
Friday, Dec 23, 2022 - 07:46 PM (IST)

ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਭਾਰਤ ਖ਼ਿਲਾਫ ਚੀਨ ਦੀ ਤਾਜ਼ਾ ਹਮਲਾਵਰਤਾ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੰਦੀ ਹੈ। ਇੰਡੀਆ ਕਾਕਸ ਦੇ ਸਹਿ-ਪ੍ਰਧਾਨਾਂ ਨੇ ਇਕ ਬਿਆਨ ’ਚ ਕਿਹਾ, ''ਅਰੁਣਾਚਲ ਪ੍ਰਦੇਸ਼ ’ਚ ਚੀਨ ਦੀ ਹਾਲੀਆ ਹਮਲਾਵਰਤਾ ਇਸ ਗੱਲ ਦੀ ਇਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਭਾਰਤ ਦੇ ਨਾਲ ਮਜ਼ਬੂਤ ਸੁਰੱਖਿਆ ਭਾਈਵਾਲੀ ਅਮਰੀਕਾ ਤੇ ਸਾਡੇ ਸਹਿਯੋਗੀਆਂ ਦੀ ਰਾਸ਼ਟਰੀ ਸੁਰੱਖਿਆ ਲਈ ਕਿਉਂ ਅਹਿਮ ਹੈ।’’ ਸਹਿ-ਪ੍ਰਧਾਨਾਂ ਨੇ ਕਿਹਾ, ‘‘ਇਹ ਘਟਨਾ ਭਾਰਤੀ ਖੇਤਰ ’ਚ ਇਕ ਵਾਰ ਫਿਰ ਪੀਪਲਜ਼ ਰਿਪਬਲਿਕ ਆਫ ਚਾਈਨਾ (ਪੀ. ਆਰ. ਸੀ.) ਦੇ ਖ਼ਤਰੇ ਦਾ ਸੰਕੇਤ ਹੈ, ਜਿਸ ’ਚ 2020 ’ਚ ਅਸਲ ਕੰਟਰੋਲ ਲਾਈਨ (ਐੱਲ. ਏ. ਸੀ.) ’ਤੇ ਚੀਨ ਦੀ ਅਗਾਊਂ ਨਿਰਧਾਰਤ ਹਮਲਾਵਰਤਾ ਕਾਰਨ ਲੱਗਭਗ 20 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ।’’
ਬਿਆਨ ’ਚ ਕਿਹਾ ਗਿਆ ਹੈ ਇੰਡੀਆ ਕਾਕਸ ਦੇ ਸਹਿ ਪ੍ਰਧਾਨਾਂ ਦੇ ਤੌਰ ’ਤੇ ਅਸੀਂ ਦੋਪੱਖੀ ਸਬੰਧਾਂ ਨੂੰ ਡੂੰਘਾ ਕਰਨ ਲਈ ਸਾਲਾਂ ਤਕ ਕੰਮ ਕੀਤਾ ਹੈ, ਜੋ ਅੱਗੇ ਵੀ ਜਾਰੀ ਰਹੇਗਾ। ਪ੍ਰਤੀਨਿਧੀ ਸਭਾ ਵੱਲੋਂ ਪਾਸ ਵਿੱਤੀ ਸਾਲ 2023 ਐੱਨ. ਡੀ. ਏ. ਏ. ’ਚ ਖੰਨਾ-ਸ਼ਰਮਨ-ਸ਼੍ਰੇਈਕਰਟ ਸੋਧ ਨੂੰ ਸ਼ਾਮਲ ਕਰਕੇ ਇੰਡੀਆ ਕਾਕਸ ਨੇ ਇਸ ਦਿਸ਼ਾ ਵਿਚ ਤਰੱਕੀ ਕੀਤੀ ਹੈ, ਜਿਸ ’ਚ ਭਾਰਤ ਨੂੰ ਚੀਨ ਤੋਂ ਹੋਣ ਵਾਲੇ ਤੱਤਕਾਲੀ ਤੇ ਗੰਭੀਰ ਖੇਤਰੀ ਸਰਹੱਦ ਖ਼ਤਰਿਆਂ ’ਤੇ ਚਾਨਣਾ ਪਾਇਆ ਗਿਆ ਹੈ।’’
ਤਵਾਂਗ ’ਚ ਬਿਹਤਰ ਸੰਪਰਕ ਸਹੂਲਤ ਲਈ ਲਾਏ ਜਾਣਗੇ ਹੋਰ ਟਾਵਰ
ਈਟਾਨਗਰ (ਏਜੰਸੀਆਂ) : ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਕੋਲ ਸੰਪਰਕ ਸਹੂਲਤ ਸੁਧਾਰਨ ਲਈ ਸਰਕਾਰ ਨੇ ਖੇਤਰ ਵਿਚ ਹੋਰ ਮੋਬਾਈਲ ਟਾਵਰ ਲਾਉਣ ਦਾ ਫ਼ੈਸਲਾ ਕੀਤਾ ਹੈ। ਤਵਾਂਗ ਜ਼ਿਲ੍ਹੇ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਹੋਏ ਸੰਘਰਸ਼ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਤਵਾਂਗ ਦੇ ਡਿਪਟੀ ਕਮਿਸ਼ਨਰ ਕੇ. ਐੱਨ. ਦਾਮੋ ਨੇ ਦੱਸਿਆ ਕਿ BSNL ਅਤੇ ਭਾਰਤੀ ਏਅਰਟੈੱਲ 'ਕੁਨੈਕਟੀਵਿਟੀ’ ’ਚ ਸੁਧਾਰ ਲਈ 23 ਨਵੇਂ ਮੋਬਾਈਲ ਟਾਵਰ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਟਾਵਰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਨਹੀਂ ਕਰ ਰਹੇ ਹਨ, ਜਿਸ ਕਾਰਨ ਨਾ ਸਿਰਫ਼ ਰੱਖਿਆ ਬਲਾਂ ਨੂੰ ਬਲਕਿ ਸਰਹੱਦ ’ਤੇ ਰਹਿਣ ਵਾਲੇ ਨਾਗਰਿਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਹੱਦੀ ਖੇਤਰਾਂ ’ਚ ਮੋਬਾਈਲ ਨੈੱਟਵਰਕ ਨਹੀਂ ਸਨ ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਬੁਮ-ਲਾ ਅਤੇ ਵਾਈ-ਜੰਕਸ਼ਨ ’ਤੇ ਵੀ ਲੋਕ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਦਾ ਆਨੰਦ ਲੈ ਰਹੇ ਹਨ ਪਰ ਇਸ ’ਚ ਹੋਰ ਸੁਧਾਰ ਦੀ ਲੋੜ ਹੈ।