ਗੁਆਂਢੀ ਕੂਟਨੀਤੀ ''ਚ ਪਾਕਿ ਨੂੰ ਤਰਜ਼ੀਹ ਦੇਣਾ ਜਾਰੀ ਰੱਖਾਂਗੇ : ਚੀਨ

05/21/2020 11:33:28 PM

ਬੀਜ਼ਿੰਗ (ਭਾਸ਼ਾ) - ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੀ ਗੁਆਂਢੀ ਕੂਟਨੀਤੀ ਵਿਚ ਪਾਕਿਸਤਾਨ ਨੂੰ ਤਰਜ਼ੀਹ ਦੇਣਾ ਜਾਰੀ ਰੱਖੇਗਾ ਅਤੇ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ। ਦੋਹਾਂ ਕਰੀਬੀ ਦੇਸ਼ਾਂ ਦੇ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਨੂੰ 69 ਸਾਲ ਪੂਰੇ ਹੋਏ ਹਨ। ਪਾਕਿਸਤਾਨ ਨੇ 1951 ਵਿਚ ਚੀਨ ਨੂੰ ਮਾਨਤਾ ਦਿੱਤੀ ਸੀ। ਭਾਰਤ ਨੇ ਉਸ ਤੋਂ ਇਕ ਸਾਲ ਪਹਿਲਾਂ ਹੀ ਚੀਨ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ ਸੀ। ਭਾਰਤ ਏਸ਼ੀਆ ਦਾ ਪਹਿਲਾ ਗੈਰ-ਕਮਿਊਨਿਸਟ ਦੇਸ਼ ਸੀ ਜਿਸ ਨੇ 1950 ਵਿਚ ਚੀਨ ਦੇ ਨਾਲ ਡਿਪਲੋਮੈਟ ਸਬੰਧ ਸਥਾਪਿਤ ਕੀਤੇ ਸਨ।

ਇਸਲਾਮੀ ਗਣਰਾਜ ਪਾਕਿਸਤਾਨ ਦੇ ਡਿਪਲੋਮੈਟ ਸਬੰਧ ਭਾਂਵੇ ਹੀ ਦੇਰ ਨਾਲ ਸਥਾਪਿਤ ਹੋਏ ਪਰ ਬਾਅਦ ਵਿਚ ਉਹ ਕਮਿਊਨਿਸਟ ਚੀਨ ਦਾ ਸਭ ਤੋਂ ਕਰੀਬੀ ਸਹਿਯੋਗੀ ਬਣ ਗਿਆ। ਹਾਲ ਹੀ ਸਾਲਾਂ ਵਿਚ 60 ਅਰਬ ਅਮਰੀਕੀ ਡਾਲਰ ਦੇ ਨਾਲ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਨਾਲ ਦੋਹਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਏ ਹਨ। ਇਹ ਚੀਨ ਵੱਲੋਂ ਵਿਦੇਸ਼ ਵਿਚ ਕੀਤਾ ਗਿਆ ਸਭ ਤੋਂ ਵੱਡਾ ਨਿਵੇਸ਼ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਨੇ ਵੀਰਵਾਰ ਨੂੰ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਚੀਨ ਅਤੇ ਪਾਕਿਸਤਾਨ ਦੇ ਡਿਪਲੋਮੈਟਿਕ ਸਬੰਧਾਂ ਦੀ 69ਵੀਂ ਵਰ੍ਹੇਗੰਢ ਹੈ। ਮੈਂ ਵਧਾਈ ਦਿੰਦਾ ਹਾਂ। ਝਾਓ ਪਹਿਲਾਂ ਇਸਲਾਮਾਬਾਦ ਵਿਚ ਚੀਨ ਦੇ ਉਪ ਰਾਜਦੂਤ ਦੇ ਰੂਪ ਵਿਚ ਕੰਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪਾਕਿਸਤਾਨ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਦੇਸ਼ ਛੱਡਣ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਪਾਕਿਸਤਾਨ ਨੇ ਮੇਰਾ ਦਿਲ ਚੋਰੀ ਕਰ ਲਿਆ ਹੈ। ਮੇਰਾ ਮੰਨਣਾ ਹੈ ਕਿ ਇਹ ਦੋਹਾਂ ਦੇਸ਼ਾਂ ਵਿਚਾਲੇ ਡੂੰਘੀ ਦੋਸਤੀ ਨੂੰ ਦਰਸਾਉਂਦਾ ਹੈ। ਝਾਓ ਨੇ ਕਿਹਾ ਕਿ ਭਵਿੱਖ ਵਿਚ, ਸਾਨੂੰ ਦੋ-ਪੱਖੀ ਸਬੰਧਾਂ ਦੇ ਹੋਰ ਮਜ਼ਬੂਤ ਹੋਣ ਦਾ ਪੂਰਾ ਭਰੋਸਾ ਹੈ। ਅਸੀਂ ਪਾਕਿਸਤਾਨ ਨੂੰ ਆਪਣੀ ਗੁਆਂਢੀ ਕੂਟਨੀਤੀ ਵਿਚ ਤਰਜ਼ੀਹ ਦੇਣਾ ਜਾਰੀ ਰੱਖਾਂਗੇ।


Khushdeep Jassi

Content Editor

Related News