ਚੀਨ ਦਾ ਇੱਕ ਹੋਰ ਤਾਨਾਸ਼ਾਹੀ ਫ਼ੈਸਲਾ, ਜਿਨਪਿੰਗ ਨੂੰ ਮਿਲੀਆਂ ਯੁੱਧ ਕਰਨ ਦੀਆਂ ਸ਼ਕਤੀਆਂ

Monday, Jan 04, 2021 - 06:00 PM (IST)

ਵਾਸ਼ਿੰਗਟਨ (ਬਿਊਰੋ): ਚੀਨ ਨੇ ਸੈਂਟਰਲ ਮਿਲਟਰੀ ਕਮਿਸ਼ਨ (ਸੀ.ਐੱਮ.ਸੀ.) ਦੀਆਂ ਸ਼ਕਤੀਆਂ ਵਧਾਉਣ ਲਈ ਆਪਣੇ ਰਾਸ਼ਟਰੀ ਰੱਖਿਆ ਕਾਨੂੰਨ ਵਿਚ 1 ਜਨਵਰੀ ਤੋਂ ਤਬਦੀਲੀ ਕੀਤੀ ਹੈ। ਇਸ ਕਮਿਸ਼ਨ ਦੇ ਪ੍ਰਧਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਹਨ। ਹੁਣ ਰਾਸ਼ਟਰੀ ਹਿੱਤ ਦੇ ਤਹਿਤ ਇਹ ਕਮਿਸ਼ਨ ਦੇਸ਼ ਅਤੇ ਵਿਦੇਸ਼ ਵਿਚ ਮਿਲਟਰੀ ਅਤੇ ਨਾਗਰਿਕ ਸਰੋਤ ਇਕੱਠੇ ਕਰ ਸਕੇਗਾ। ਹੁਣ ਸੈਨਾ ਦੇ ਲਈ ਨੀਤੀ ਬਣਾਉਣ ਵਿਚ ਸਟੇਟ ਕੌਂਸਲ ਦੀ ਭੂਮਿਕਾ ਘੱਟ ਹੋ ਜਾਵੇਗੀ ਅਤੇ ਸੀ.ਐੱਮ.ਸੀ. ਦੇ ਕੋਲ ਜ਼ਿਆਦਾ ਤਾਕਤ ਹੋਵੇਗੀ।

ਰੱਖਿਆ ਕਾਨੂੰਨਾਂ ਵਿਚ ਕੀਤੀ ਗਈ ਸੋਧ
ਮਾਹਰਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਿਚ ਸੈਨਾ ਹੁਣ ਹੋਰ ਤਾਕਤਵਰ ਹੋ ਜਾਵੇਗੀ। ਚੀਨੀ ਮੀਡੀਆ ਦੇ ਮੁਤਾਬਕ ਹਥਿਆਰਬੰਦ ਬਲਾਂ ਨੂੰ ਤਾਇਨਾਤ ਕਰਨ ਦੇ ਆਧਾਰ ਦੇ ਰੂਪ ਵਿਚ ਪਹਿਲੀ ਵਾਰ ਵਿਕਾਸ ਹਿੱਤਾਂ ਨੂੰ ਕਾਨੂੰਨ ਵਿਚ ਜੋੜਿਆ ਗਿਆ ਹੈ। ਦੋ ਸਾਲ ਦੇ ਵਿਚਾਰ ਵਟਾਂਦਰੇ ਦੇ ਬਾਅਦ ਨੈਸ਼ਨਲ ਪੀਪਲਜ਼ ਕਾਂਗਰਸ ਨੇ 26 ਦਸੰਬਰ ਨੂੰ ਸੋਧ ਪਾਸ ਕੀਤਾ। ਇਸ ਕਾਨੂੰਨ ਦੇ ਤਹਿਤ ਹੁਣ ਸਰਕਾਰੀ ਕੰਪਨੀਆਂ ਅਤੇ ਪ੍ਰਾਈਵੇਟ ਫਰਮ ਮਿਲ ਕੇ ਡਿਫੈਂਸ ਤਕਨੀਕਾਂ, ਸਾਇਬਰ ਸੁਰੱਖਿਆ ਅਤੇ ਸਪੇਸ ਦੇ ਵਿਸ਼ੇ 'ਤੇ ਫੋਕਸ ਕਰਨਗੀਆਂ।

ਮਿਲਟਰੀ ਕਾਨੂੰਨ ਮਾਹਰ ਜੇਂਗ ਝਿਪਿੰਗ ਦਾ ਕਹਿਣਾ ਹੈ ਕਿ ਸਟੇਟ ਕੌਂਸਲ ਹੁਣ ਸੈਨਾ ਦਾ ਸਾਥ ਦੇਣ ਵਾਲੀ ਏਜੰਸੀ ਬਣ ਗਈ ਹੈ। ਇਹ ਜਰਮਨੀ, ਇਜ਼ਰਾਇਲ ਅਤੇ ਫਰਾਂਸ ਜਿਹੇ ਦੇਸ਼ਾਂ ਦੇ ਉਲਟ ਹੈ। ਉੱਥੇ ਮਿਲਟਰੀ ਬਲ ਨਾਗਰਿਕਾਂ ਦੀ ਅਗਵਾਈ ਦੇ ਅਧੀਨ ਹੁੰਦੇ ਹਨ। ਤਾਇਪੇ ਦੇ ਮਿਲਟਰੀ ਮਾਹਰ ਚੀ ਲੀ-ਯੇਈ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਤਹਿਤ ਹੁਣ ਚੀਨ ਸੈਨਾ ਦੀ ਵਰਤੋਂ ਤਾਇਵਾਨ ਵਿਚ ਲੋਕਤੰਤਰ ਦੀ ਮੰਗ ਨੂੰ ਕੁਚਲਣ ਲਈ ਕਰੇਗਾ। ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਚੀਨ ਦੇ ਸਾਰੇ ਲੋਕਾਂ ਦੇ ਲਈ ਚਿਤਾਵਨੀ ਹੈ ਕਿ ਉਹ ਯੁੱਧ ਦੇ ਲਈ ਤਿਆਰ ਰਹਿਣ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਛੇ ਸਾਲ ਪਹਿਲਾਂ ਸ਼ਖਸ ਨੂੰ ਬਚਾਉਣ 'ਚ ਅਸਫਲ ਰਹੇ ਅਧਿਕਾਰੀ, ਲੱਗਾ 10 ਮਿਲੀਅਨ ਰੁਪਏ ਜੁਰਮਾਨਾ

ਇੱਥੇ ਦੱਸ ਦਈਏ ਕਿ ਪੂਰਬੀ ਲੱਦਾਖ ਅਤੇ ਤਾਇਵਾਨ ਵਿਚ ਤਣਾਅ ਵੱਧਦਾ ਜਾ ਰਿਹਾ ਹੈ। ਲੱਦਾਖ ਵਿਚ ਜਿੱਥੇ ਚੀਨ ਭਾਰਤੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਫਿਰਾਕ ਵਿਚ ਹੈ ਉੱਥੇ ਦੱਖਣੀ ਚੀਨ ਸਾਗਰ ਵਿਚ ਚੀਨ ਤਾਇਵਾਨ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਤਾਇਵਾਨ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੇ ਵਿਚ ਜ਼ੁਬਾਨੀ ਜੰਗ ਛਿੜ ਚੁੱਕੀ ਹੈ। ਪਿਛਲੇ ਦਿਨੀਂ ਚੀਨ ਨੇ ਅਮਰੀਕਾ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਤਾਇਵਾਨ ਜਲਡਮਰੂਮੱਧ ਵਿਚ ਵੀਰਵਾਰ ਦੀ ਸਵੇਰ ਆਪਣੇ ਦੋ ਜੰਗੀ ਜਹਾਜ਼ਾਂ ਦੇ ਜ਼ਰੀਏ ਸ਼ਕਤੀ ਪ੍ਰਦਰਸ਼ਨ ਕੀਤਾ। ਚੀਨ ਦੇ ਇਸ ਦੋਸ਼ 'ਤੇ ਅਮਰੀਕੀ ਨੇਵੀ ਨੇ ਵੀ ਕਰਾਰਾ ਜਵਾਬ ਦਿੱਤਾ ਹੈ।

ਚੀਨ ਨੇ ਦਿੱਤੀ ਅਮਰੀਕਾ ਨੂੰ ਧਮਕੀ
ਅਮਰੀਕੀ ਨੇਵੀ ਨੇ ਕਿਹਾ ਹੈ ਕਿ ਵਿਨਾਸ਼ਕਾਰੀ ਜਹਾਜ਼ ਯੂ.ਐੱਸ.ਐੱਸ. ਐੱਸ. ਮੈਕਕੇਨ ਅਤੇ ਯੂ.ਐੱਸ.ਐੱਸ. ਕਰਟਿਸ ਵਿਲਬਰ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਤਾਇਵਾਨ ਜਲਡਮਰੂਮੱਧ ਮਾਰਗ ਦੀ ਵਰਤੋਂ ਕੀਤੀ। ਅਮਰੀਕੀ ਨੇਵੀ ਨੇ ਆਪਣੀ ਵੈਬਸਾਈਟ 'ਤੇ ਇਕ ਬਿਆਨ ਵਿਚ ਕਿਹਾ ਹੈਕਿ ਜਹਾਜ਼ ਦੀ ਆਵਾਜਾਈ ਮੁਕਤ ਅਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ ਦੇ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਦਿਖਾਉਂਦੀ ਹੈ। ਚੀਨ ਦੇ ਰੱਖਿਆ ਮੰਤਰਾਲੇ ਨੇ ਘਟਨਾਕ੍ਰਮ ਨੂੰ ਸ਼ਕਤੀ ਦਾ ਪ੍ਰਦਰਸ਼ਨ ਅਤੇ ਭੜਕਾਊ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਤਾਇਵਾਨ ਦੇ ਸੁਤੰਤਰ ਬਲਾਂ ਨੂੰ ਗਲਤ ਸੰਕੇਤ ਗਿਆ ਅਤੇ ਤਾਇਵਾਨ ਜਲਡਮਰੂਮੱਧ ਵਿਚ ਸ਼ਾਂਤੀ ਤੇ ਸਥਿਰਤਾ ਨੂੰ ਨੁਕਸਾਨ ਪਹੁੰਚਿਆ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News