Oxford ਤੋਂ ਪਿੱਛੋਂ ਚੀਨ ਦਾ ਟੀਕਾ ਸਫਲ, ਵਧਾ ਰਿਹੈ ਕੋਰੋਨਾ ਨਾਲ ਲੜਨ ਦੀ ਤਾਕਤ

Tuesday, Jul 21, 2020 - 12:48 PM (IST)

ਬੀਜਿੰਗ-  ਇਸ ਸਮੇਂ ਕੋਰੋਨਾ ਵਾਇਰਸ ਦੇ ਇਲਾਜ ਲਈ ਟੀਕਾ ਬਣਾਉਣ ਲਈ ਪੂਰੀ ਦੁਨੀਆ ਵਿਚ ਇਕ ਮੁਕਾਬਲਾ ਚੱਲ ਰਿਹਾ ਹੈ। ਟੀਕੇ ਬਾਰੇ ਜ਼ਿਆਦਾਤਰ ਕੰਮ ਤੇ ਟ੍ਰਾਇਲ ਚੀਨ ਵਿਚ ਚੱਲ ਰਹੇ ਹਨ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ CHAdOx1 nCoV-19 ਟੀਕੇ ਦੀ ਸਫਲਤਾ ਤੋਂ ਬਾਅਦ ਹੁਣ ਚੀਨ ਦਾ ਕੋਰੋਨਾ ਵਾਇਰਸ ਟੀਕਾ ਵੀ ਸਫਲਤਾ ਦੇ ਝੰਡੇ ਗੱਡ ਰਿਹਾ ਹੈ। 

ਕਿਹਾ ਜਾ ਰਿਹਾ ਹੈ ਕਿ ਮਨੁੱਖੀ ਟੈਸਟਿੰਗ ਦੇ ਦੂਜੇ ਪੜਾਅ ਵਿਚ ਚੀਨ ਦੇ ਟੀਕੇ ਨੇ ਵੀ ਸਫਲਤਾ ਹਾਸਲ ਕਰ ਲਈ ਹੈ। ਵਿਗਿਆਨੀਆਂ ਅਤੇ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਟੀਕਾ ਇਨਸਾਨਾਂ ਲਈ ਸੁਰੱਖਿਅਤ ਹੈ, ਨਾਲ ਹੀ ਇਹ ਸਰੀਰ ਦੇ ਇਮਿਊਨਟੀ ਸਿਸਟਮ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਸ ਦੇ ਦੂਜੇ ਪੜਾਅ ਦੇ ਨਤੀਜੇ ਦਿ ਲੈਂਸੈੱਟ ਮੈਗਜ਼ੀਨ ਵਿਚ ਪ੍ਰਕਾਸ਼ਤ ਕੀਤੇ ਗਏ ਹਨ।

ਚਾਈਨਾ ਡਾਟ ਓ. ਆਰ. ਜੀ. ਦੀ ਖਬਰ ਅਨੁਸਾਰ, ਪਹਿਲੇ ਪੜਾਅ ਨਾਲੋਂ ਦੂਜੇ ਪੜਾਅ ਵਿਚ ਵੱਧ ਤੋਂ ਵੱਧ ਲੋਕਾਂ 'ਤੇ ਚੀਨੀ ਟੀਕੇ ਦਾ ਟੈਸਟ ਕੀਤਾ ਗਿਆ ਹੈ। ਪਹਿਲੇ ਪੜਾਅ ਵਿਚ 108 ਲੋਕਾਂ 'ਤੇ ਟ੍ਰਾਇਲ ਕੀਤਾ ਗਿਆ ਸੀ, ਜਦੋਂ ਕਿ ਦੂਜੇ ਪੜਾਅ ਵਿਚ ਇਸ ਟੀਕੇ ਦਾ ਟੈਸਟ 508 ਵਿਅਕਤੀਆਂ 'ਤੇ ਕੀਤਾ ਗਿਆ ਹੈ। ਦਿ ਲੈਂਸੈੱਟ ਦੀ ਰਿਪੋਰਟ ਮੁਤਾਬਕ, Ad5 ਦਾ ਟ੍ਰਾਇਲ ਵੁਹਾਨ ਸ਼ਹਿਰ ਵਿਚ ਕੀਤਾ ਗਿਆ। ਜਾਂਚ ਵਿਚ ਪਤਾ ਲੱਗਾ ਕਿ ਇਹ ਹਰ ਉਮਰ ਦੇ ਕੋਰੋਨਾ ਮਰੀਜ਼ਾਂ ਲਈ ਫਾਇਦੇਮੰਦ ਹੈ।
ਬੀਜਿੰਗ ਇੰਸਟੀਚਿਊਟ ਆਫ ਬਾਇਓਟੈਕਨਾਲੌਜੀ ਦੇ ਪ੍ਰੋਫੈਸਰ ਵੇਈ ਚੇਨ ਨੇ ਕਿਹਾ ਕਿ ਬਜ਼ੁਰਗ ਲੋਕ ਕੋਰੋਨਾ ਦੇ ਸਭ ਤੋਂ ਵੱਧ ਜੋਖਮ ਵਿਚ ਹੁੰਦੇ ਹਨ ਪਰ ਸਾਡੇ ਟੀਕਾ ਨੇ ਦੂਜੇ ਪੜਾਅ ਵਿਚ ਸ਼ਾਨਦਾਰ ਨਤੀਜੇ ਦਿੱਤੇ ਹਨ। ਇਸ ਨਾਲ ਕਈ ਬਜ਼ੁਰਗ ਲੋਕ ਠੀਕ ਹੋ ਗਏ। ਇਨ੍ਹਾਂ ਦੇ ਸਰੀਰ ਵਿਚ ਬਿਮਾਰੀ ਨਾਲ ਲੜਨ ਦੀ ਤਾਕਤ ਵਧੀ ਹੈ। 
 


Lalita Mam

Content Editor

Related News