ਚੀਨ ਵਿਚ ਆਰਟੀਫੀਸ਼ੀਅਲ ‘ਚੰਦ’ ਨਾਲ ਰਾਤ ਨੂੰ ਚੜ੍ਹਿਆ ਰਹੇਗਾ ਦਿਨ

12/14/2019 8:12:02 PM

ਬੀਜਿੰਗ- ਵਿਗਿਆਨ ਤੇ ਤਕਨੀਕ ਦੀ ਦੁਨੀਆ ਵਿਚ ਕਈ ਵੱਡੇ ਕਾਰਨਾਮੇ ਕਰ ਚੁੱਕਾ ਚੀਨ ‘ਆਪਣਾ ਚੰਦ’ ਬਣਾਉਣ ਦੀ ਤਿਆਰੀ ਵਿਚ ਲੱਗਾ ਹੋਇਆ ਹੈ। ਚੀਨ ਦੇ ਵਿਗਿਆਨੀ ਵੂ ਚੁਨਫੇਂਗ ਨੇ 2018 ਵਿਚ ਪਹਿਲੀ ਵਾਰ ‘ਆਰਟੀਫੀਸ਼ੀਅਲ ਚੰਦ’ ਨਾਲ ਚੇਂਗਦੂ ਸ਼ਹਿਰ ਨੂੰ ਰੌਸ਼ਨ ਕਰ ਕੇ ਸਟਰੀਟ ਲਾਈਟ ਮੁਕਤ ਬਣਾਉਣ ਦਾ ਵਿਚਾਰ ਸਾਹਮਣੇ ਰੱਖਦੇ ਹੋਏ ਹੈਰਾਨ ਕਰ ਦਿੱਤਾ ਸੀ। ਰੋਸ਼ਨੀ ਵੰਡਣ ਵਾਲਾ ਪਹਿਲਾਂ ਉਪਗ੍ਰਹਿ ਚੀਨ 2020 ਵਿਚ ਲਾਂਚ ਕਰ ਸਕਦਾ ਹੈ। ਇਸ ਦੇ ਬਾਅਦ 2022 ਤੱਕ 3 ਹੋਰ ‘ਚੰਦ’ ਬਣਾਉਣ ਦੀ ਤਿਆਰੀ ਹੈ। ਹਾਲਾਂਕਿ, ਦੁਨੀਆ ਦੇ ਸਾਹਮਣੇ ਚੀਨ ਨੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ ਕਿ ਉਹ ਕਿਸ ਤਰ੍ਹਾਂ ਇਸ ਕੰਮ ਨੂੰ ਅੰਜਾਮ ਦੇਵੇਗਾ। ਜਾਣਕਾਰਾਂ ਮੁਤਾਬਕ ਆਰਟੀਫੀਸ਼ੀਅਲ ਚੰਦ ਨੂੰ ਧਰਤੀ ਤੇ ਕੌਮਾਂਤਰੀ ਸਪੇਸ ਸਟੇਸ਼ਨ ਵਿਚਾਲੇ ਸਥਾਪਤ ਕੀਤਾ ਜਾ ਸਕਦਾ ਹੈ। ਚੰਦ ਦੀ ਸਤਹਿ ਸ਼ੀਸ਼ੇ ਵਾਂਗ ਹੋਵੇਗੀ ਜਿਸ ਨਾਲ ਸੂਰਜ ਦੀ ਰੌਸ਼ਨੀ ਨੂੰ ਧਰਤੀ ਵੱਲ ਰਿਫਲੈਕਟ ਕੀਤਾ ਜਾਏਗਾ। ਇਕ ਚੰਦ 10 ਤੋਂ 80 ਕਿਲੋਮੀਟਰ ਦੇ ਇਲਾਕੇ ਨੂੰ ਰੌਸ਼ਨ ਕਰਨ ਵਿਚ ਸਮਰੱਥ ਹੋਵੇਗਾ। ਇਹ ਆਰਟੀਫੀਸ਼ੀਅਲ ਚੰਦ ਅਸਲੀ ਚੰਦ ਦੇ ਮੁਕਾਬਲੇ 8 ਗੁਣਾ ਜ਼ਿਆਦਾ ‘ਚਾਂਦਨੀ’ ਦੇਵੇਗਾ।

ਅਜਿਹਾ ਸੰਭਵ ਹੈ?
ਹਾਲਾਂਕਿ, ਆਰਟੀਫੀਸ਼ੀਅਲ ਚੰਦ ਨਾਲ ਇਹ ਸਵਾਲ ਵੀ ਚਿਪਕਿਆ ਹੋਇਆ ਹੈ ਕਿ ਕੀ ਅਜਿਹਾ ਸੰਭਵ ਹੈ? ਕੌਮਾਂਤਰੀ ਸਪੇਸ ਸਟੇਸ਼ਨ, ਜੋ ਕਿ ਇਕ ਫੁੱਟਬਾਲ ਮੈਦਾਨ ਦੇ ਬਰਾਬਰ ਹੈ, ਨੂੰ ਕਈ ਵਾਰ ਟੁਕੜਿਆਂ ਵਿਚ ਲਾਂਚ ਕਰ ਕੇ ਸਥਾਪਿਤ ਕੀਤਾ ਗਿਆ ਸੀ, ਪਰ ਆਰਟੀਫੀਸ਼ਲ ਚੰਦ ਇਸ ਤੋਂ ਵੀ ਬਹੁਤ ਵੱਡਾ ਹੋਵੇਗਾ। ਇਸ ਦੇ ਆਕਾਰ ਨੂੰ ਲੈ ਕੇ ਕਈ ਜਾਣਕਾਰ ਸ਼ੱਕ ਪ੍ਰਗਟਾ ਰਹੇ ਹਨ। ਡਿੱਗਣ ਤੋਂ ਬਚਾਉਣ ਲਈ ਇਸ ਨੂੰ 27,400 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਘੁਮਾਉਣਾ ਹੋਵੇਗਾ।

ਹੋਰ ਕੀ ਮੁਸ਼ਕਲਾਂ
ਕਿਸੇ ਸ਼ਹਿਰ ਨੂੰ ਰੌਸ਼ਨ ਕਰਨ ਲਈ ਸੈਟੇਲਾਈਟ ਨੂੰ ਬਹੁਤ ਹੇਠਾਂ ਉਡਾਉਣਾ ਹੋਵੇਗਾ, ਜੋ ਇਕ ਥਾਂ ’ਤੇ ਰੁਕ ਨਹੀਂ ਸਕਦਾ। ਇਸ ਨੂੰ ਰੁਕਣ ਲਾਇਕ ਬਣਾਉਣ ਲਈ ਰਾਕੇਟ ਥ੍ਰਿਸਟਰ ਲਗਾਉਣੇ ਹੋਣਗੇ, ਪਰ ਇਹ ਈਂਧਨ ਖਰਚ ਕਰੇਗਾ, ਜਿਸ ਦੀ ਭਾਰੀ ਕੀਮਤ ਹੋਵੇਗੀ। ਰਾਤ ਭਰ ਸ਼ਹਿਰ ਨੂੰ ਰੌਸ਼ਨ ਰੱਖਣ ਲਈ ਇਸ ਨੂੰ ਧਰਤੀ ਨਾਲ ਚੱਕਰ ਲਗਾਉਣਾ ਹੋਵੇਗਾ। ਵਾਯੂਮੰਡਲੀ ਖਿੱਚ ਦਾ ਮੁਕਾਬਲਾ ਕਰਨ ਲਈ ਵੀ ਈਂਧਨ ਦੀ ਲੋੜ ਹੋਵੇਗੀ। ਲਾਂਚਿੰਗ ਤੇ ਉਪਗ੍ਰਹਿਆਂ ’ਤੇ ਈਂਧਨ ਖਰਚ ਕਾਰਣ ਬਿਜਲੀ ਤੋਂ ਬੱਚਤ ਘੱਟ ਹੋ ਜਾਏਗੀ।

ਬਚੇਗੀ ਬਿਜਲੀ
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਆਰਟੀਫੀਸ਼ੀਅਲ ਚੰਦਾਂ ਦੀ ਮਦਦ ਨਾਲ ਸ਼ਹਿਰ ਸਟਰੀਟ ਲਾਈਟ ਮੁਕਤ ਹੋ ਜਾਣਗੇ। ਅਨੁਮਾਨ ਹੈ ਕਿ ਚੇਂਗਦੂ ਸ਼ਹਿਰ ਵਿਚ ਸਾਲਾਨਾ 174 ਮਿਲੀਅਨ ਡਾਲਰ ਬਿਜਲੀ ਬਿੱਲ ਦੀ ਬਚਤ ਹੋਵੇਗੀ। ਇਸ ਲਈ ਲੋਕੇਸ਼ਨ ਤੇ ਚਮਕ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਇਸ ਲਈ ਕੋਈ ਮੁਸੀਬਤ ਦੇ ਸਮੇਂ ਇਸ ਨਾਲ ਬਹੁਤ ਮਦਦ ਮਿਲ ਸਕਦੀ ਹੈ। ਇਸ ਨਾਲ ਉਨ੍ਹਾਂ ਇਲਾਕਿਆਂ ਨੂੰ ਰੌਸ਼ਨ ਕੀਤਾ ਜਾ ਸਕਦਾ ਹੈ ਜਿੱਥੇ ਬਿਜਲੀ ਗੁੱਲ ਹੋ ਗਈ ਹੈ।

ਰਾਤ ਨੂੰ ਜੇਕਰ ਦਿਨ ਚੜ੍ਹਿਆ ਰਿਹਾ ਤਾਂ...
ਆਰਟੀਫੀਸ਼ੀਅਲ ਚੰਦ ਦੀ ਮਦਦ ਨਾਲ ਜੇਕਰ ਰਾਤ ਨੂੰ ਵੀ ‘ਦਿਨ’ ਚੜ੍ਹਿਆ ਰਿਹਾ ਤਾਂ ਅਜਿਹੇ ਜੀਵ-ਜੰਤੂਆਂ ਦਾ ਕੀ ਹੋਵੇਗਾ ਜੋ ਰਾਤ ਨੂੰ ਹੀ ਨਿਕਲਦੇ ਹਨ। ਲੋਕ ਆਸਮਾਨ ਦੇ ਤਾਰੇ ਨਹੀਂ ਦੇਖ ਸਕਣਗੇ।


Baljit Singh

Content Editor

Related News