ਤਵਾਂਗ ਝੜਪ ਦੇ 15 ਦਿਨ ਬਾਅਦ ਬੋਲਿਆ ਚੀਨ-ਭਾਰਤ ਦੇ ਨਾਲ ਮਿਲ ਕੇ ਕਰਨਾ ਚਾਹੁੰਦੈ ਕੰਮ
Sunday, Dec 25, 2022 - 02:55 PM (IST)
ਇੰਟਰਨੈਸ਼ਨਲ ਡੈਸਕ: ਤਵਾਂਗ 'ਚ ਝੜਪ ਦੇ 15 ਦਿਨਾਂ ਬਾਅਦ ਦੋਗਲੇ ਚੀਨ ਦਾ ਭਾਰਤ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ। ਮਿਲ ਕੇ ਕੰਮ ਕਰਨਾ ਚਾਹੁੰਦਾ ਹੈ। ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਗੱਲਬਾਤ ਜਾਰੀ ਰੱਖ ਰਹੇ ਹਨ। ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਦੋਵੇਂ ਦੇਸ਼ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਵਚਨਬੱਧ ਹਨ ਅਤੇ ਚੀਨ ਹੁਣ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ।
ਦੱਸ ਦਈਏ ਕਿ ਤਵਾਂਗ ਦੇ ਯਾਂਗਤਸੇ 'ਚ 9 ਦਸੰਬਰ ਨੂੰ 600 ਚੀਨੀ ਸੈਨਿਕਾਂ ਨੇ ਟੈਂਪਰੇਰੀ ਕੰਧ 'ਤੇ ਲੱਗੇ ਬੈਰੀਕੇਡ ਨੂੰ ਤੋੜ ਕੇ ਭਾਰਤੀ ਸਰਹੱਦ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਭਾਰਤੀ ਜਵਾਨਾਂ ਨੇ ਮੂੰਹਤੋੜ ਜਵਾਬ ਦਿੱਤਾ ਅਤੇ ਉਨ੍ਹਾਂ ਨੂੰ ਭਜਾ ਦਿੱਤਾ। ਤਵਾਂਗ 'ਚ ਹੋਈ ਝੜਪ 'ਤੇ ਉਨ੍ਹਾਂ ਕਿਹਾ ਕਿ ਪੱਛਮੀ ਸੈਕਟਰ 'ਚ ਸ਼ਾਂਤੀ ਅਤੇ ਸੁਰੱਖਿਆ ਲਈ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਹਾਲਾਂਕਿ 17ਵੀਂ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਦੇ ਨਤੀਜੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤਵਾਂਗ 'ਚ ਹੋਈ ਝੜਪ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕੀਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ 17ਵੀਂ ਕੋਰ ਕਮਾਂਡਰ ਪੱਧਰ ਦੀ ਬੈਠਕ 20 ਦਸੰਬਰ ਨੂੰ ਭਾਰਤ ਅਤੇ ਚੀਨ ਵਿਚਾਲੇ ਚੁਸ਼ੁਲ-ਮੋਲਡੋ ਸਰਹੱਦ 'ਤੇ ਹੋਈ ਸੀ।
ਇਸ 'ਚ ਦੋਵੇਂ ਦੇਸ਼ ਸਰਹੱਦ 'ਤੇ ਸ਼ਾਂਤੀ ਬਣਾਏ ਰੱਖਣ 'ਤੇ ਸਹਿਮਤ ਹੋਏ ਸਨ। ਤਵਾਂਗ 'ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਭਾਰਤੀ ਹਵਾਈ ਫੌਜ (IAF) ਨੇ ਅਰੁਣਾਚਲ ਸਰਹੱਦ 'ਤੇ ਲੜਾਕੂ ਹਵਾਈ ਗਸ਼ਤ ਯਾਨੀ ਲੜਾਕੂ ਉਡਾਣਾਂ ਸ਼ੁਰੂ ਕਰ ਦਿੱਤੀਆਂ ਸਨ। ਤਵਾਂਗ 'ਚ ਝੜਪ ਤੋਂ ਪਹਿਲਾਂ ਵੀ ਚੀਨ ਨੇ ਅਰੁਣਾਚਲ ਸਰਹੱਦ 'ਤੇ ਆਪਣੇ ਡਰੋਨ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਤੁਰੰਤ ਅਰੁਣਾਚਲ ਸਰਹੱਦ 'ਤੇ ਆਪਣੇ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ।