ਚੀਨ 'ਚ ਕੋਰੋਨਾਵਾਇਰਸ ਦੇ ਖਤਰੇ ਕਾਰਨ ਸਾਰੇ ਖੇਡ ਆਯੋਜਨ ਮੁਅੱਤਲ

Thursday, Jan 23, 2020 - 04:30 PM (IST)

ਚੀਨ 'ਚ ਕੋਰੋਨਾਵਾਇਰਸ ਦੇ ਖਤਰੇ ਕਾਰਨ ਸਾਰੇ ਖੇਡ ਆਯੋਜਨ ਮੁਅੱਤਲ

ਬੀਜਿੰਗ (ਭਾਸ਼ਾ): ਚੀਨ ਸਰਕਾਰ ਨੇ ਦੇਸ਼ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਸਾਰੇ ਖੇਡ ਆਯੋਜਨ ਅਪ੍ਰੈਲ ਤੱਕ ਮੁਅੱਤਲ ਕਰ ਦਿੱਤੇ ਹਨ। ਨੈਸ਼ਨਲ ਫੈਡਰੇਸ਼ਨ ਆਫ ਆਟੋਮੋਬਾਈਲ ਐਂਡ ਮੋਟਰਸਾਈਕਲ ਸਪੋਰਟਸ ਨੇ ਵੀਰਵਾਰ ਨੂੰ ਦੱਸਿਆ ਕਿ ਚੀਨ ਦੇ ਜਨਰਲ ਐਡਮਿਨਿਸਟ੍ਰੇਸ਼ਨ ਆਫ ਸਪੋਰਟ ਨੇ ਅਪ੍ਰੈਲ ਤੱਕ ਦੇਸ਼ ਵਿਚ ਸਾਰੇ ਖੇਡ ਆਯੋਜਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਫੈਡਰੇਸ਼ਨ ਨੇ ਦੱਸਿਆ ਕਿ ਇਕ ਨਵੀਂ ਕਿਸਮ ਦੇ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਅਤੇ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਜਨਰਲ ਐਡਮਿਨਿਸਟ੍ਰੇਸ਼ਨ ਦੇ ਨਿਰਦੇਸ਼ ਦੇ ਮੁਤਾਬਕ ਅਪ੍ਰੈਲ ਤੱਕ ਸਾਰੇ ਖੇਡ ਮੁਕਾਬਲੇ ਮੁਅੱਤਲ ਕਰਨ 'ਤੇ ਆਯੋਜਨ ਕਮੇਟੀ ਨੇ ਚਾਂਗਬਾਈਸ਼ਾਨ ਵਿਚ 12 ਤੋਂ 14 ਫਰਵਰੀ ਨੂੰ ਹੋਣ ਵਾਲੀ ਕਾਰ ਰੈਲੀ ਨੂੰ ਅਸਥਾਈ ਰੂਪ ਵਿਚ ਰੱਦ ਕਰਨ ਦਾ ਫੈਸਲਾ ਲਿਆ ਹੈ। 

ਜਨਰਲ ਐਡਮਿਨਿਸਟ੍ਰੇਸ਼ਨ ਆਫ ਸਪੋਰਟ ਨੇ ਆਪਣੀ ਵੈਬਸਾਈਟ 'ਤੇ ਹੁਣ ਤੱਕ ਇਸ ਸਬੰਧਤ ਕੋਈ ਬਿਆਨ ਪ੍ਰਕਾਸ਼ਿਤ ਨਹੀਂ ਕੀਤਾ ਹੈ। ਚੀਨੀ ਅਧਿਕਾਰੀਆਂ ਨੇ ਦਸੰਬਰ ਦੇ ਅਖੀਰ ਵਿਚ ਕੇਂਦਰੀ ਸੂਬੇ ਹੁਬੇਈ ਦੇ ਵੁਹਾਨ ਵਿਚ ਜਾਨਲੇਵਾ ਨਿਮੋਨੀਆ ਦੇ ਪ੍ਰਕੋਪ ਦੀ ਸੂਚਨਾ ਦਿੱਤੀ। ਬਾਅਦ ਵਿਚ ਚੀਨੀ ਮਾਹਰਾਂ ਨੇ ਅਸਥਾਈ ਰੂਪ ਨਾਲ ਨਿਰਧਾਰਿਤ ਕੀਤਾ ਕਿ ਨਵੀਂ ਤਰ੍ਹਾਂ ਦਾ ਨਿਮੋਨੀਆ ਇਕ ਨਵੇਂ ਕੋਰੋਨਾਵਾਇਰਸ ਦੇ ਕਾਰਨ ਹੋਇਆ ਹੈ। ਚੀਨ ਵਿਚ ਇਸ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 151 ਹੋ ਚੁੱਕੀ ਹੈ। ਅਮਰੀਕਾ, ਜਾਪਾਨ, ਦੱਖਣੀ ਕੋਰੀਆ ਅਤੇ ਥਾਈਲੈਂਡ ਵਿਚ ਵੀ ਨਵੇਂ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। 

ਵੁਹਾਨ ਦੇ ਅਧਿਕਾਰੀਆਂ ਨੇ ਵੀਰਵਾਰ ਤੋਂ ਟਰਾਂਸਪੋਰਟ ਮੁਅੱਤਲ ਕਰ ਦਿੱਤਾ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਥਾਨਕ ਵਸਨੀਕਾਂ ਦੇ ਸ਼ਹਿਰ ਛੱਡਣ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ। ਇਹ ਸ਼ਹਿਰ ਏਸ਼ੀਆ/ਓਸ਼ੀਨੀਆ ਕਵਾਲੀਫਾਇਰ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਾਲਾ ਸੀ ਜਿਸ ਨੂੰ ਅਨਿਸ਼ਚਿਤ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।


author

Vandana

Content Editor

Related News