ਕਾਬੁਲ ਆਤਮਘਾਤੀ ਹਮਲਿਆਂ ’ਤੇ ਬੋਲਿਆ ਚੀਨ, ਕਿਹਾ-ਅੱਤਵਾਦੀ ਖ਼ਤਰੇ ਨਾਲ ਨਜਿੱਠਣ ਲਈ ਜਾਰੀ ਰੱਖਾਂਗੇ ਸਹਿਯੋਗ
Friday, Aug 27, 2021 - 05:52 PM (IST)

ਬੀਜਿੰਗ (ਭਾਸ਼ਾ)-ਚੀਨ ਨੇ ਕਾਬੁਲ ਹਵਾਈ ਅੱਡੇ ’ਤੇ ਹੋਏ ਆਤਮਘਾਤੀ ਹਮਲਿਆਂ ’ਤੇ ਹੈਰਾਨੀ ਜ਼ਾਹਿਰ ਕਰਦਿਆਂ ਸ਼ੁੱਕਰਵਾਰ ਕਿਹਾ ਕਿ ਅਫ਼ਗਾਨਿਸਤਾਨ ਦੀ ਸੁਰੱਖਿਆ ਸਥਿਤੀ ‘ਗੁੰਝਲਦਾਰ ਅਤੇ ਗੰਭੀਰ’ ਬਣੀ ਹੋਈ ਹੈ ਅਤੇ ਬੀਜਿੰਗ ਅੱਤਵਾਦੀ ਖ਼ਤਰੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਯੁੱਧ ਪ੍ਰਭਾਵਿਤ ਦੇਸ਼ ਨੂੰ ਅੱਤਵਾਦ ਦਾ ਅੱਡਾ ਬਣਨ ਤੋਂ ਰੋਕਣ ਲਈ ਅੰਤਰਰਾਸ਼ਟਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਇਥੇ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਕਾਬੁਲ ਸਥਿਤ ਚੀਨੀ ਦੂਤਘਰ ਨੇ ਰਿਪੋਰਟ ਦਿੱਤੀ ਹੈ ਕਿ ਆਤਮਘਾਤੀ ਹਮਲਿਆਂ ’ਚ ਕਿਸੇ ਚੀਨੀ ਨਾਗਰਿਕ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਕੈਮੀਕਲ ਫੈਕਟਰੀ ’ਚ ਲੱਗੀ ਭਿਆਨਕ ਅੱਗ, ਦਰਜਨ ਤੋਂ ਵਧੇਰੇ ਮਜ਼ਦੂਰ ਜ਼ਿੰਦਾ ਸੜੇ
ਝਾਓ ਨੇ ਕਿਹਾ, “ਚੀਨ ਕਾਬੁਲ ਹਵਾਈ ਅੱਡੇ ਦੇ ਨੇੜੇ ਹੋਏ ਧਮਾਕਿਆਂ ਤੋਂ ਹੈਰਾਨ ਹੈ, ਜਿਸ ’ਚ ਭਾਰੀ ਜਾਨੀ ਨੁਕਸਾਨ ਹੋਇਆ ਸੀ। ਅਸੀਂ ਇਸ ਦੀ ਸਖਤ ਨਿਖੇਧੀ ਕਰਦੇ ਹਾਂ।” ਇਹ ਵਰਣਨਯੋਗ ਹੈ ਕਿ ਵੀਰਵਾਰ ਨੂੰ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵੀਰਵਾਰ ਨੂੰ ਹੋਏ ਦੋ ਆਤਮਘਾਤੀ ਹਮਲੇ ਅਤੇ ਬੰਦੂਕਧਾਰੀਆਂ ਵੱਲੋਂ ਅਫ਼ਗਾਨ ਨਾਗਰਿਕਾਂ ’ਤੇ ਕੀਤੇ ਗਏ ਹਮਲੇ ’ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ 13 ਅਮਰੀਕੀ ਫੌਜੀ ਸ਼ਾਮਲ ਹਨ। ਇਸਲਾਮਿਕ ਸਟੇਟ ਖੁਰਾਸਾਨ ਜਾਂ ਆਈ.ਐੱਸ.ਆਈ.ਐੱਸ.-ਕੇ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਝਾਓ ਨੇ ਕਿਹਾ, “ਇਹ ਘਟਨਾ ਦਰਸਾਉਂਦੀ ਹੈ ਕਿ ਅਫ਼ਗਾਨਿਸਤਾਨ ’ਚ ਸੁਰੱਖਿਆ ਸਥਿਤੀ ਗੁੰਝਲਦਾਰ ਅਤੇ ਗੰਭੀਰ ਬਣੀ ਹੋਈ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਬੰਧਤ ਧਿਰਾਂ ਉਥੋਂ ਦੀ ਸਥਿਤੀ ਨੂੰ ਸੁਧਾਰਨ ਅਤੇ ਅਫ਼ਗਾਨ ਲੋਕਾਂ ਅਤੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕ ਸਕਦੀਆਂ ਹਨ।