ਪਾਕਿ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਣਗੇ ਚੀਨ-ਸਾਊਦੀ ਅਰਬ, ਕਰਨਗੇ 13 ਅਰਬ ਡਾਲਰ ਦੀ ਮਦਦ
Sunday, Nov 06, 2022 - 02:07 PM (IST)
ਇਸਲਾਮਾਬਾਦ- ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਉਸ ਦੇ ਰਵਾਇਤੀ ਸਹਿਯੋਗੀ ਚੀਨ ਅਤੇ ਸਾਊਦੀ ਅਰਬ ਤੋਂ 13 ਅਰਬ ਡਾਲਰ ਦੀ ਵਾਧੂ ਵਿੱਤੀ ਸਹਾਇਤਾ ਮਿਲੀ ਹੈ।ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਨੂੰ ਇਹ ਮਦਦ ਅਜਿਹੇ ਸਮੇਂ ਮਿਲੀ ਹੈ ਜਦੋਂ ਸਰਕਾਰ ਦੇਸ਼ ਦੀ ਕਮਜ਼ੋਰ ਆਰਥਿਕਤਾ ਨੂੰ ਸਥਿਰ ਕਰਨ ਦੀ ਕੋਸ਼ਿਸ਼ 'ਚ ਜੁੱਟੀ ਹੋਈ ਹੈ। ਡਾਰ ਦੇ ਹਵਾਲੇ ਨਾਲ ਅਖਬਾਰ 'ਡਾਨ' 'ਚ ਛਪੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੀਂ ਵਿੱਤੀ ਸਹਾਇਤਾ ਦੇ ਤਹਿਤ ਪਾਕਿਸਤਾਨ ਨੂੰ ਚੀਨ ਤੋਂ ਨੌਂ ਅਰਬ ਡਾਲਰ ਅਤੇ ਸਾਊਦੀ ਤੋਂ ਚਾਰ ਅਰਬ ਡਾਲਰ ਮਿਲਣਗੇ। ਇਹ 20 ਅਰਬ ਡਾਲਰ ਦੇ ਨਿਵੇਸ਼ ਵਾਅਦਿਆਂ ਤੋਂ ਇਲਾਵਾ ਹੈ।
ਡਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਬੀਜਿੰਗ ਦੀ ਹਾਲੀਆ ਬੀਜ਼ਿੰਗ ਯਾਤਰਾ ਦੇ ਦੌਰਾਨ ਚੀਨ ਦੇ ਲੀਡਰਸ਼ਿਪ ਨੇ ਸਾਵਰਨ ਫੰਡ ਦੇ ਰੂਪ 'ਚ 4 ਅਰਬ ਡਾਲਰ, ਕਮਰਸ਼ੀਅਲ ਬੈਂਕ ਕਰਜ਼ਿਆਂ ਦੀ ਪੁਨਰਵਿੱਤੀ ਦੇ ਰੂਪ 'ਚ 3.3 ਅਰਬ ਡਾਲਰ ਅਤੇ ਮੁਦਰਾ ਅਦਲਾ-ਬਦਲੀ ਨੂੰ 30 ਬਿਲੀਅਨ ਯੂਆਨ ਤੋਂ ਵਧਾ ਕੇ 40 ਅਰਬ ਯੁਆਨ ਕੀਤਾ ਸੀ। ਇਹ ਸਭ ਮਿਲਾ ਕੇ 8.75 ਅਰਬ ਡਾਲਰ ਹੁੰਦਾ ਹੈ। ਡਾਰ ਨੇ ਕਿਹਾ, ''ਉਨ੍ਹਾਂ ਨੇ ਵਿੱਤੀ ਸਮਰਥਨ ਸੁਰੱਖਿਆ ਦਾ ਵਾਅਦਾ ਕੀਤਾ ਹੈ।'' ਇਹ ਮਿਆਦ ਪੂਰੀ ਹੋਣ 'ਤੇ ਮੁਹੱਈਆ ਕਰਵਾਇਆ ਜਾਵੇਗਾ। ਡਾਰ ਨੇ ਇਕ ਹੋਰ ਸਵਾਲ ਦੇ ਜਵਾਬ 'ਚ ਕਿਹਾ ਕਿ ਸਾਊਦੀ ਅਰਬ ਨੇ ਵੀ ਆਰਥਿਕ ਸਹਾਇਤਾ ਨੂੰ 3 ਅਰਬ ਡਾਲਰ ਤੋਂ ਵਧਾ ਕੇ 6 ਅਰਬ ਡਾਲਰ ਕਰਨ ਦੀ ਬੇਨਤੀ 'ਤੇ ਹਾਂ-ਪੱਖੀ ਪ੍ਰਤੀਕਿਰਿਆ ਦਿੱਤੀ ਹੈ।