ਚੀਨ ਨੇ ਐੱਸ-400 ਮਿਜ਼ਾਈਲ ਦਾ ਕੀਤਾ ਸਫਲ ਪਰੀਖਣ
Thursday, Dec 27, 2018 - 12:21 PM (IST)

ਬੀਜਿੰਗ (ਭਾਸ਼ਾ)— ਚੀਨ ਨੇ ਰੂਸ ਦੀ ਐੱਸ-400 ਮਿਜ਼ਾਈਲ ਹਵਾਈ ਰੱਖਿਆ ਪ੍ਰਣਾਲੀ ਦਾ ਸਫਲ ਪਰੀਖਣ ਕੀਤਾ ਹੈ। ਅਮਰੀਕਾ ਵੱਲੋਂ ਪਾਬੰਦੀ ਲਗਾਏ ਜਾਣ ਦੇ ਡਰ ਦੇ ਬਾਵਜੂਦ ਹਾਲ ਵਿਚ ਹੀ ਭਾਰਤ ਨੇ ਵੀ ਇਸ ਮਿਜ਼ਾਈਲ ਰੱਖਿਆ ਪ੍ਰਣਾਲੀ ਲਈ ਰੂਸ ਨਾਲ 5 ਅਰਬ ਡਾਲਰ ਦੇ ਸਮਝੌਤੇ 'ਤੇ ਦਸਤਖਤ ਕੀਤੇ ਹਨ। ਚੀਨ ਦੀ ਫੌਜ ਨੇ ਸਾਲ 2015 ਵਿਚ ਹੋਏ ਤਿੰਨ ਅਰਬ ਡਾਲਰ ਦੇ ਸੌਦੇ ਦੇ ਬਾਅਦ ਰੂਸ ਤੋਂ ਬੀਤੀ ਜੁਲਾਈ ਵਿਚ ਇਸ ਪ੍ਰਣਾਲੀ ਦੀ ਆਖਰੀ ਖੇਪ ਪ੍ਰਾਪਤ ਕੀਤੀ ਸੀ। ਉਸ ਮਗਰੋਂ ਚੀਨ ਵੱਲੋਂ ਕੀਤਾ ਗਿਆ ਇਸ ਪ੍ਰਣਾਲੀ ਦਾ ਇਹ ਪਹਿਲਾ ਪਰੀਖਣ ਹੈ।
ਇਕ ਅੰਗਰੇਜ਼ੀ ਅਖਬਾਰ ਨੇ ਰੂਸੀ ਮੀਡੀਆ ਦੀਆਂ ਖਬਰਾਂ ਦੇ ਹਵਾਲੇ ਨਾਲ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਬੀਤੇ ਮਹੀਨੇ ਐੱਸ-400 ਮਿਜ਼ਾਈਲ ਹਵਾਈ ਰੱਖਿਆ ਪ੍ਰਣਾਲੀ ਦਾ ਸਫਲ ਪਰੀਖਣ ਕੀਤਾ ਅਤੇ ਇਸ ਨੇ 3 ਕਿਲੋਮੀਟਰ ਪ੍ਰਤੀ ਸੈਕੰਡ ਦੀ ਸੁਪਰਸੋਨਿਕ ਗਤੀ ਨਾਲ ਲੱਗਭਗ 250 ਕਿਲੋਮੀਟਰ ਦੀ ਦੂਰੀ 'ਤੇ ਇਕ ਬਣਾਉਟੀ ਬੈਲਿਸਟਿਕ ਟੀਚੇ ਨੂੰ ਨਿਸ਼ਾਨਾ ਬਣਾਇਆ। ਪਰੀਖਣ ਕਿਸ ਜਗ੍ਹਾ 'ਤੇ ਕੀਤਾ ਗਿਆ ਇਸ ਬਾਰੇ ਵਿਚ ਖੁਲਾਸਾ ਨਹੀਂ ਕੀਤਾ ਗਿਆ।
ਅਮਰੀਕੀ ਸੰਸਦ ਵੱਲੋਂ ਪਾਸ 'Countering America's Advisers Through Saints Act ' (Catsa) ਵਿਚ ਰੂਸ ਤੋਂ ਹਥਿਆਰ ਖਰੀਦਣ ਵਾਲੇ ਦੇਸ਼ਾਂ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ। ਭਾਰਤ ਖਾਸ ਕਰ ਕੇ ਚੀਨ ਨਾਲ ਲੱਗਦੀ ਆਪਣੀ 3,488 ਕਿਲੋਮੀਟਰ ਲੰਬੀ ਸਰਹੱਦ 'ਤੇ ਆਪਣੇ ਹਵਾਈ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਰੂਸ ਦੀ ਬਣਾਈ ਲੰਬੀ ਦੂਰੀ ਦੀ ਸਤਹਿ ਤੋਂ ਹਵਾ ਵਿਚ ਮਾਰ ਕਰਨ ਵਾਲੀ ਅਤਿ ਆਧੁਨਿਕ ਐੱਸ-400 ਪ੍ਰਣਾਲੀ ਚਾਹੁੰਦਾ ਹੈ। ਇਹ ਪ੍ਰਣਾਲੀ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ 72 ਮਿਜ਼ਾਈਲਾਂ ਨਾਲ 4,800 ਮੀਟਰ ਪ੍ਰਤੀ ਸੈਕੰਡ ਦੀ ਗਤੀ ਨਾਲ ਸਮਾਂਤਰ ਰੂਪ ਨਾਲ ਇਕੱਠੇ 36 ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ।