ਚੀਨ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਡੈਮ ਨਿਰਮਾਣ ਦਾ ਕੀਤਾ ਬਚਾਅ

05/15/2020 9:15:19 PM

ਬੀਜਿੰਗ (ਭਾਸ਼ਾ) - ਚੀਨ ਨੇ ਭਾਰਤ ਦੇ ਇਤਰਾਜ਼ ਦੇ ਬਾਵਜੂਦ ਪਾਕਿਸਤਾਨ ਦੇ ਕਬਜ਼ੇ (ਪੀ. ਓ. ਕੇ.) ਦੇ ਗਿਲਗਿਤ-ਬਾਲਤਿਸਤਾਨ ਵਿਚ ਦਿਆਮੇਰ-ਬਹਾਸ਼ਾ ਡੈਮ ਬਣਾ ਰਹੀ ਆਪਣੀ ਸਰਕਾਰੀ ਕੰਪਨੀ ਦਾ ਸ਼ੁੱਕਰਵਾਰ ਨੂੰ ਬਚਾਅ ਕਰਦੇ ਆਖਿਆ ਕਿ ਇਸ ਡੈਮ ਨੂੰ ਸਥਾਨਕ ਆਬਾਦੀ ਦੀ ਭਲਾਈ ਲਈ ਬਣਾਇਆ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਨੇ ਬੁੱਧਵਾਰ ਨੂੰ ਚੀਨ ਦੀ ਸਰਕਾਰੀ ਕੰਪਨੀ ਚਾਈਨਾ ਪਾਵਰ ਅਤੇ ਪਾਕਿਸਤਾਨੀ ਫੌਜ ਦੀ ਡੈਮ ਨਿਰਮਾਣ ਨਾਲ ਸਬੰਧੀ ਕੰਪਨੀ ਫ੍ਰੰਟੀਅਰ ਵਰਕਰਸ ਆਰਗੇਨਾਈਜੇਸ਼ਨ (ਐਫ. ਡਬਲਯੂ. ਓ.) ਵਿਚਾਲੇ 5.8 ਅਰਬ ਅਮਰੀਕੀ ਡਾਲਰ ਦੇ ਸੰਯੁਕਤ ਕਰਾਰ 'ਤੇ ਹਸਤਾਖਰ ਕੀਤੇ ਸਨ। ਭਾਰਤ ਨੇ ਗਿਲਗਿਤ-ਬਾਲਤਿਸਤਾਨ ਵਿਚ ਡੈਮ ਦੇ ਨਿਰਮਾਣ ਲਈ ਪਾਕਿਸਤਾਨ ਵੱਲੋਂ ਵਿਸ਼ਾਲ-ਅਨੁਬੰਧ ਦਿੱਤੇ ਜਾਣ 'ਤੇ ਵੀਰਵਾਰ ਨੂੰ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰ ਵਿਚ ਅਜਿਹੇ ਪ੍ਰਾਜੈਕਟ ਸ਼ੁਰੂ ਕੀਤਾ ਜਾਣਾ ਠੀਕ ਨਹੀਂ ਹੈ।

PunjabKesari

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਯਾਂਗ ਨੇ ਇਥੇ ਮੀਡੀਆ ਬ੍ਰੀਫਿੰਗ ਵਿਚ ਆਖਿਆ ਕਿ ਕਸ਼ਮੀਰ ਮੁੱਦੇ 'ਤੇ ਚੀਨ ਦਾ ਰੁਖ ਅਟਲ ਹੈ। ਚੀਨ ਅਤੇ ਪਾਕਿਸਤਾਨ ਆਰਥਿਕ ਵਿਕਾਸ ਨੂੰ ਵਧਾਉਣ ਅਤੇ ਸਥਾਨਕ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਰਥਿਕ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਰਸਪਰ ਰੂਪ ਤੋਂ ਲਾਭਕਾਰੀ ਅਤੇ ਬਰਾਬਰੀ 'ਤੇ ਆਧਾਰਿਤ ਸਹਿਯੋਗ ਹੈ। ਦੋਵੇਂ ਦੇਸ਼ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦਾ ਵੀ ਨਿਰਮਾਣ ਕਰ ਰਹੇ ਹਨ। ਭਾਰਤ ਪੀ. ਓ. ਕੇ. ਤੋਂ ਹੋ ਕੇ ਜਾਣ ਵਾਲੇ ਇਸ ਗਲਿਆਰੇ ਨੂੰ ਲੈ ਕੇ ਚੀਨ ਸਾਹਮਣੇ ਇਤਰਾਜ਼ ਜਤਾ ਚੁੱਕਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਆਖਿਆ ਸੀ ਕਿ ਸਾਡਾ ਰੁਖ ਅਟਲ ਅਤੇ ਸਪੱਸ਼ਟ ਹੈ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ ਖੇਤਰ ਭਾਰਤ ਦੇ ਅਭਿੰਨ ਅੰਗ ਰਹੇ ਹਨ ਅਤੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਅਸੀਂ, ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਭਾਰਤੀ ਖੇਤਰਾਂ ਵਿਚ ਅਜਿਹੇ ਸਾਰੇ ਪ੍ਰਾਜੈਕਟਾਂ 'ਤੇ ਪਾਕਿਸਤਾਨ ਅਤੇ ਚੀਨ ਦੋਹਾਂ ਸਾਹਮਣੇ ਆਪਣੇ ਵਿਰੋਧ ਵਿਅਕਤ ਕਰਦੇ ਰਹੇ ਹਾਂ।


Khushdeep Jassi

Content Editor

Related News