ਚੀਨ ਦੀ ਨਵੀਂ ਚਾਲ: ਹਾਂਗਕਾਂਗ ''ਤੇ ਸਖਤੀ ਲਈ ਕਰੇਗਾ ਕਾਨੂੰਨ ''ਚ ਸੋਧ, ਟਰੰਪ ਨੇ ਦਿੱਤੀ ਚਿਤਾਵਨੀ
Friday, May 22, 2020 - 01:59 AM (IST)
ਹਾਂਗਕਾਂਗ- ਹਾਂਗਕਾਂਗ ਵਿਚ ਹੋਏ ਲੋਕਤੰਤਰ ਦੀ ਮੰਗ ਵਾਲੇ ਹਿੰਸਕ ਅੰਦੋਲਨ ਨੂੰ ਦੇਖਦੇ ਹੋਏ ਚੀਨ ਉਥੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰੇਗਾ। ਇਸ ਨਾਲ ਚੀਨ ਉਥੇ ਮੁੱਖ ਭੂਮੀ ਜਿੰਨੀ ਹੀ ਸਖਤੀ ਨਾਲ ਅੰਦੋਲਨਾਂ ਨਾਲ ਨਿਪਟ ਸਕੇਗਾ। ਚੀਨ ਵਲੋਂ ਕਾਨੂੰਨ ਵਿਚ ਸੋਧ ਪ੍ਰਕਿਰਿਆ ਦੀ ਅਧਿਕਾਰਿਤ ਪੁਸ਼ਟੀ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਚੀ ਡੋਨਾਲਡ ਟਰੰਪ ਨੇ ਸਖਤ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਹਨਾਂ ਕਿਹਾ ਕਿ ਚੀਨ ਨੇ ਜੇਕਰ ਹਾਂਗਕਾਂਗ ਵਿਚ ਅਜਿਹੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਬੇਹੱਦ ਸਖਤ ਕਾਰਵਾਈ ਕਰੇਗਾ।
2019 ਵਿਚ ਮਹੀਨਿਆਂ ਤੱਕ ਚੱਲੇ ਅੰਦੋਲਨ ਨੇ ਹਾਂਗਕਾਂਗ ਨੂੰ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਕਰ ਦਿੱਤਾ ਸੀ। ਲੋਕਤੰਤਰ ਦੀ ਮੰਗ ਦੇ ਨਾਲ ਹੀ ਉਥੇ ਚੀਨ ਤੋਂ ਆਜ਼ਾਦੀ ਦੀ ਮੰਗ ਨੇ ਜ਼ੋਰ ਫੜਿਆ ਸੀ। ਹਾਲਾਤ ਨੂੰ ਕਾਬੂ ਕਰਨ ਲਈ ਚੀਨ ਨੂੰ ਉਥੇ ਫੌਜੀ ਸੜਕਾਂ 'ਤੇ ਉਤਾਰਨੇ ਪਏ ਸਨ। 1997 ਵਿਚ ਬ੍ਰਿਟੇਨ ਤੋਂ ਚੀਨ ਦੇ ਕਬਜ਼ੇ ਵਿਚ ਆਉਣ ਤੋਂ ਬਾਅਦ ਹਾਂਗਕਾਂਗ ਵਿਚ ਪਹਿਲੀ ਵਾਰ ਇੰਨੀ ਗੰਭੀਰ ਸਥਿਤੀ ਪੈਦਾ ਹੋਈ ਸੀ।
ਜਲਦ ਹੀ ਚੀਨ ਦੀ ਸੰਸਦ ਵਿਚ ਪੇਸ਼ ਹੋਵੇਗਾ ਕਾਨੂੰਨ
ਪੱਤਰਕਾਰ ਏਜੰਸੀ ਸਿਨਹੂਆ ਮੁਤਾਬਕ ਚੀਨ ਦੀ ਸੰਸਦ ਵਿਚ ਕਾਨੂੰਨ ਵਿਚ ਸੋਧ ਦਾ ਪ੍ਰਸਤਾਵ ਕਰਨ ਲਈ ਬੈਠਕ ਹੋਈ ਹੈ। ਇਸ ਵਿਚ ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਦੀ ਸਥਿਤੀ ਮਜ਼ਬੂਤ ਕਰਨ ਲਈ ਉਸ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਦਾਇਰੇ ਵਿਚ ਲਿਆਉਣ ਦਾ ਫੈਸਲਾ ਕੀਤਾ ਗਿਆ। ਇਹ ਪ੍ਰਸਤਾਵ ਜਲਦੀ ਹੀ ਸੰਸਦ ਵਿਚ ਪੇਸ਼ ਹੋਵੇਗਾ ਤੇ ਇਕਦਲੀ ਰਾਜ ਵਿਵਸਥਾ ਵਿਚ ਇਸ ਦਾ ਬਿਨਾਂ ਵਿਰੋਧ ਪਾਸ ਹੋਣਾ ਤੈਅ ਹੈ। ਇਸ ਤੋਂ ਬਾਅਦ ਚੀਨ ਨੂੰ ਹਾਂਗਕਾਂਗ ਵਿਚ ਸਿੱਧੀ ਕਾਰਵਾਈ ਦਾ ਕਾਨੂੰਨੀ ਅਧਿਕਾਰ ਮਿਲ ਜਾਵੇਗਾ। ਦ ਸਾਊਥ ਚਾਈਨਾ ਮਾਰਨਿੰਗ ਪੋਸਟ ਅਖਬਾਰ ਮੁਤਾਬਕ ਸੋਧਿਆ ਹੋਇਆ ਕਾਨੂੰਨ ਲਾਗੂ ਹੋਣ ਤੋਂ ਬਾਅਦ ਹਾਂਗਕਾਂਗ ਵਿਚ ਹਰ ਤਰ੍ਹਾਂ ਦੀ ਵਿਦੇਸ਼ੀ ਗਤੀਵਿਧੀ, ਅੱਤਵਾਦ, ਦੇਸ਼ਧਰੋਹ ਤੇ ਹਰ ਤਰ੍ਹਾਂ ਦੀ ਸਰਕਾਰ ਵਿਰੋਧੀ ਗਤੀਵਿਧੀ ਨੂੰ ਸਖਤੀ ਨਾਲ ਰੋਕਿਆ ਜਾ ਸਕਦਾ ਹੈ।
ਕੋਰੋਨਾ ਤੋਂ ਬੇਖੌਫ ਹਾਂਗਕਾਂਗ ਵਿਚ ਹੋਇਆ ਸੀ ਪ੍ਰਦਰਸ਼ਨ
ਦੱਸ ਦਈਏ ਕਿ ਅਜੇ ਹਾਲ ਹੀ ਵਿਚ ਕੋਰੋਨਾ ਵਾਇਰਸ ਤੋਂ ਬੇਖੌਫ ਹਾਂਗਕਾਂਗ ਦੀ ਜਨਤਾ ਲੋਕਤੰਤਰ ਦੇ ਲਈ ਫਿਰ ਸੜਕਾਂ 'ਤੇ ਉਤਰ ਆਈ ਸੀ। ਬੀਜਿੰਗ ਦੇ ਕੰਟਰੋਲ ਵਾਲੇ ਹਾਂਗਕਾਂਗ ਸ਼ਹਿਰ ਵਿਚ ਸੈਂਕੜੇ ਲੋਕਾਂ ਨੇ ਲੋਕਤੰਤਰੀ ਮੁੱਲਾਂ ਦੀ ਹਿਫਾਜ਼ਤ ਦੇ ਲਈ ਨਾਅਰੇਬਾਜ਼ੀ ਕਰਦੇ ਹੋਏ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਸ ਦੇ ਵਿਚਾਲੇ ਕਈ ਵਾਰ ਝੜਪ ਵੀ ਹੋਈ। ਬਾਅਦ ਵਿਚ ਪੁਲਸ ਨੇ ਚੀਨ ਵਿਰੋਧੀ ਨਾਅਰੇਬਾਜ਼ੀ ਕਰ ਰਹੇ 200 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।