ਪਾਕਿਸਤਾਨੀ ਪੰਜਾਬ ’ਚ 1200 ਮੈਗਾਵਾਟ ਸਮਰੱਥਾ ਵਾਲਾ ਪ੍ਰਮਾਣੂ ਊਰਜਾ ਪਲਾਂਟ ਲਾਏਗਾ ਚੀਨ

Wednesday, Jun 21, 2023 - 02:11 AM (IST)

ਪਾਕਿਸਤਾਨੀ ਪੰਜਾਬ ’ਚ 1200 ਮੈਗਾਵਾਟ ਸਮਰੱਥਾ ਵਾਲਾ ਪ੍ਰਮਾਣੂ ਊਰਜਾ ਪਲਾਂਟ ਲਾਏਗਾ ਚੀਨ

ਇਸਲਾਮਾਬਾਦ (ਏ. ਐੱਨ. ਆਈ.)–ਚੀਨ ਨੇ ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 4.8 ਅਰਬ ਡਾਲਰ ਦੀ ਲਾਗਤ ਨਾਲ 1200 ਮੈਗਾਵਾਟ ਸਮਰੱਥਾ ਦਾ ਇਕ ਪ੍ਰਮਾਣੂ ਪਲਾਂਟ ਲਾਉਣ ਲਈ ਮੰਗਲਵਾਰ ਨੂੰ ਇਕ ਸਮਝੌਤੇ ’ਤੇ ਹਸਤਾਖਰ ਕੀਤੇ। ਚੀਨ ਨੇ ਇਹ ਕਰਾਰ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਸੰਕੇਤ ਦੇ ਰੂਪ ਵਿਚ ਕੀਤਾ ਹੈ। ਸਮਝੌਤੇ ਵਿਚ ਚੀਨ ਪੰਜਾਬ ਦੇ ਮੀਆਂਵਾਲੀ ਜ਼ਿਲ੍ਹੇ ਦੇ ਚਸ਼ਮੇ ਵਿਚ 1200 ਮੈਗਾਵਾਟ ਸਮਰੱਥਾ ਵਾਲੇ ਇਕ ਪ੍ਰਮਾਣੂ ਪਲਾਂਟ ਦੀ ਸਥਾਪਨਾ ਕਰੇਗਾ।

ਸਮਝੌਤੇ ’ਤੇ ਹਸਤਾਖਰ ਕਰਨ ਮੌਕੇ ਹਾਜ਼ਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਪਣੇ ਸੰਬੋਧਨ ਵਿਚ ਪ੍ਰਮਾਣੂ ਪਲਾਂਟ ਸਮਝੌਤੇ ਨੂੰ ਚੀਨ ਅਤੇ ਪਾਕਿਸਤਾਨ ਦਰਮਿਆਨ ਵਧਦੇ ਆਰਥਿਕ ਸਹਿਯੋਗ ਦਾ ਪ੍ਰਤੀਕ ਕਰਾਰ ਦਿੱਤਾ ਅਤੇ ਸੰਕਲਪ ਲਿਆ ਕਿ ਇਸ ਪ੍ਰਾਜੈਕਟ ਨੂੰ ਬਿਨਾਂ ਦੇਰੀ ਦੇ ਪੂਰਾ ਕੀਤਾ ਜਾਵੇਗਾ। ਸ਼ਰੀਫ ਨੇ ਕਿਹਾ ਕਿ ਚੀਨੀ ਕੰਪਨੀਆਂ ਨੇ ਵਿਸ਼ੇਸ਼ ਰਿਆਇਤ ਦਿੱਤੀ ਹੈ, ਜਿਸ ਨਾਲ ਇਸ ਪ੍ਰਾਜੈਕਟ ਵਿਚ ਅਰਬਾਂ ਰੁਪਏ ਦੀ ਬੱਚਤ ਹੋਵੇਗੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਚੀਨ ਅਤੇ ਮਿੱਤਰ ਦੇਸ਼ਾਂ ਦੀ ਮਦਦ ਨਾਲ ਪਾਕਿਸਤਾਨ ਮੁਸ਼ਕਲ ਸਮੇਂ ਵਿਚੋਂ ਬਾਹਰ ਨਿਕਲ ਆਏਗਾ।

ਪਾਕਿਸਤਾਨ ਪ੍ਰਮਾਣੂ ਊਰਜਾ ਕਮਿਸ਼ਨ ਦੇ ਰੂਸਾਰ ਚਸ਼ਮਾ ਵਿਚ ਬੀਤੇ ਵਿਚ ਸਥਾਪਿਤ 4 ਪ੍ਰਮਾਣੂ ਪਲਾਂਟਾਂ ਦੀ ਬਿਜਲੀ ਉਤਪਾਦਨ ਸਮਰੱਥਾ 1330 ਮੈਗਾਵਾਟ ਹੈ। 2 ਹੋਰ ਪ੍ਰਮਾਣੂ ਪਲਾਂਟ ਵੀ ਪਾਕਿਸਤਾਨ ਵਿਚ ਸਥਾਪਿਤ ਹਨ। ਕਰਾਚੀ ਪ੍ਰਮਾਣੂ ਪਲਾਂਟ ਦੇ ਇਨ੍ਹਾਂ 2 ਰਿਐਕਟਰਾਂ ਦੀ ਸਮਰੱਥਾ 2290 ਮੈਗਾਵਾਟ ਹੈ।

ਕਰਾਚੀ ਬੰਦਰਗਾਹ ਯੂ. ਏ. ਈ. ਨੂੰ ਸੌਂਪੇਗਾ ਪਾਕਿਸਤਾਨ, ਵਾਰਤਾ ਕਮੇਟੀ ਬਣਾਈ

ਆਰਥਿਕ ਬਦਹਾਲੀ ਨਾਲ ਜੂਝ ਰਹੇ ਪਾਕਿਸਤਾਨ ਨੇ ਐਮਰਜੈਂਸੀ ਫੰਡ ਇਕੱਠਾ ਕਰਨ ਦੇ ਮੱਦੇਨਜ਼ਰ ਆਪਣਾ ਕਰਾਚੀ ਬੰਦਰਗਾਹ ਟਰਮੀਨਲ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਸੌਂਪਣ ਲਈ ਇਕ ਸਮਝੌਤੇ ਨੂੰ ਆਖਰੀ ਰੂਪ ਦੇਣ ਲਈ ਵਾਰਤਾ ਕਮੇਟੀ ਦਾ ਗਠਨ ਕੀਤਾ ਹੈ। ਪਾਕਿਸਤਾਨ ਨੇ ਆਈ. ਐੱਮ. ਐੱਫ. ਵੱਲੋਂ ਰੋਕੇ ਗਏ ਕਰਜ਼ੇ ਦੀ ਬਹਾਲੀ ਨਾਲ ਜੁੜੀ ਅਨਿਸ਼ਚਿਤਤਾ ਦਰਮਿਆਨ ਇਕ ਕਦਮ ਉਠਾਇਆ ਹੈ। ਯੂ. ਏ. ਈ. ਸਰਕਾਰ ਨੇ ਪਿਛਲੇ ਸਾਲ ‘ਪਾਕਿਸਤਾਨ ਇੰਟਰਨੈਸ਼ਨਲ ਕੰਟੇਨਰ ਟਰਮੀਨਲਸ’ (ਪੀ. ਆਈ. ਸੀ. ਟੀ.) ਦੇ ਪ੍ਰਸ਼ਾਸਨਿਕ ਕੰਟਰੋਲ ਵਾਲੀ ਕਰਾਚੀ ਬੰਦਰਗਾਹ ਨੂੰ ਹਾਸਲ ਕਰਨ ਵਿਚ ਦਿਲਚਸਪੀ ਦਿਖਾਈ ਸੀ।


author

Manoj

Content Editor

Related News