ਪਾਕਿਸਤਾਨ ਨੂੰ ਜੇ-35 ਸਟੀਲਥ ਫਾਈਟਰ ਜੈੱਟ ਸੌਂਪਣ ਦੇ ਮੂਡ ’ਚ ਨਹੀਂ ਚੀਨ
Tuesday, Jul 21, 2026 - 01:41 PM (IST)
ਬੀਜਿੰਗ (ਇੰਟ.)- ਚੀਨ ਵੱਲੋਂ ਪਾਕਿਸਤਾਨ ਨੂੰ ਆਪਣਾ ਪੰਜਵੀਂ ਪੀੜ੍ਹੀ ਦਾ ਜੇ-35 ਸਟੀਲਥ ਲੜਾਕੂ ਜਹਾਜ਼ ਸੌਂਪਣ ਦੀ ਯੋਜਨਾ ਪਿਛਲੇ ਕਈ ਮਹੀਨਿਆਂ ਤੋਂ ਅੰਤਰਰਾਸ਼ਟਰੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ, ਬੀਜਿੰਗ ਜਾਂ ਇਸਲਾਮਾਬਾਦ ’ਚੋਂ ਕਿਸੇ ਨੇ ਵੀ ਅਜੇ ਤੱਕ ਅਧਿਕਾਰਤ ਤੌਰ ’ਤੇ ਇਸ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਹੈ। ਸੁਤੰਤਰ ਥਿੰਕ ਟੈਂਕ ਦੇ ਸਹਾਇਕ ਖੋਜਕਾਰ ਯਾਂਗ ਸ਼ਿਆਓਤੋਂਗ ਦਾ ਮੰਨਣਾ ਹੈ ਕਿ ਚੀਨ ਵੱਲੋਂ ਜਲਦੀ ਹੀ ਪਾਕਿਸਤਾਨ ਨੂੰ ਜੇ-35 ਫਾਈਟਰ ਜੈੱਟ ਦੇਣ ਦੀ ਸੰਭਾਵਨਾ ਬਹੁਤ ਘੱਟ ਹੈ।
ਯਾਂਗ ਨੇ ਇਸ ਦੇ ਪਿੱਛੇ ਕਈ ਮਹੱਤਵਪੂਰਨ ਭੂ-ਸਿਆਸੀ ਅਤੇ ਰਣਨੀਤਕ ਕਾਰਨ ਦੱਸੇ ਹਨ। ਯਾਂਗ ਅਨੁਸਾਰ, ਇਸ ਡੀਲ ਵਿਚ ਸਭ ਤੋਂ ਵੱਡੀ ਰੁਕਾਵਟ ਦੱਖਣੀ ਏਸ਼ੀਆ ਦਾ ਨਾਜ਼ੁਕ ਫ਼ੌਜੀ ਸੰਤੁਲਨ ਹੈ। ਵਰਤਮਾਨ ’ਚ ਭਾਰਤ ਅਤੇ ਪਾਕਿਸਤਾਨ ਦੋਵਾਂ ’ਚੋਂ ਕਿਸੇ ਵੀ ਦੇਸ਼ ਕੋਲ ਫਰੰਟਲਾਈਨ ਸੇਵਾ ਵਿਚ ਪੰਜਵੀਂ ਪੀੜ੍ਹੀ ਦਾ ਸਟੀਲਥ ਫਾਈਟਰ ਜੈੱਟ ਸ਼ਾਮਲ ਨਹੀਂ ਹੈ। ਜੇ ਪਾਕਿਸਤਾਨੀ ਹਵਾਈ ਫ਼ੌਜ ਨੂੰ ਕਰੀਬ 40 ਦੀ ਗਿਣਤੀ ਵਿਚ ਜੇ-35 ਜਹਾਜ਼ ਮਿਲ ਜਾਂਦੇ ਹਨ, ਤਾਂ ਇਸ ਨਾਲ ਇਸ ਖੇਤਰ ਵਿਚ ਹਵਾਈ ਸ਼ਕਤੀ ਦਾ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਵੇਗਾ।
