‘ਚੀਨ ਤੋਂ ਹਥਿਆਰ ਖਰੀਦੇਗਾ ਨੇਪਾਲ, ਫ਼ੌਜ ਵੀ ਲਵੇਗੀ ਸਿਖਲਾਈ’
Wednesday, Dec 02, 2020 - 10:08 AM (IST)
ਪੇਈਚਿੰਗ/ਕਾਠਮੰਡੂ- ਚੀਨ ਦੇ ਰੱਖਿਆ ਮੰਤਰੀ ਵੇਈਫੇਂਗ ਹੀ ਦੀ ਇਕ ਦਿਨਾਂ ਨੇਪਾਲ ਯਾਤਰਾ ਦੌਰਾਨ ਦੋਨਾਂ ਦੇਸ਼ਾਂ ਵਿਚਾਲੇ ਕਈ ਅਹਿਮ ਸਮਝੌਤੇ ਹੋਏ ਹਨ। ਚੀਨ ਰੱਖਿਆ ਮੰਤਰੀ ਨੇ ਨੇਪਾਲ ਨਾਲ ਨਜ਼ਦੀਕੀ ਸਬੰਧਾਂ ਨੂੰ ਬਣਾਏ ਰੱਖਣ ਦਾ ਭਰੋਸਾ ਦਿੱਤਾ ਹੈ। ਜਨਰਲ ਵੇਈ ਨੇ ਵੰਨ ਚਾਈਨਾ ਪਾਲਿਸੀ ਦਾ ਸਮਰਥਨ ਕਰਨ ਲਈ ਨੇਪਾਲੀ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੀ ਸਿਫ਼ਤ ਵੀ ਕੀਤੀ ਹੈ। ਨੇਪਾਲ ’ਚ ਜਾਰੀ ਸਿਆਸੀ ਸੰਕਟ ਦਰਮਿਆਨ ਚੀਨੀ ਰੱਖਿਆ ਮੰਤਰੀ ਦਾ ਇਹ ਦੌਰਾਨ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ-ਨੇਪਾਲ ਵਿਚਾਲੇ ਜਾਰੀ ਸਰਹੱਦੀ ਵਿਵਾਦ ਦਾ ਫਾਇਦਾ ਚੀਨ ਚੁੱਕਣ ਦੀ ਕੋਸ਼ਿਸ਼ ’ਚ ਹੈ ਇਸ ਲਈ ਉਸ ਨੇ ਨੇਪਾਲ ਨਾਲ ਹਥਿਆਰਾਂ ਦੀ ਸਪਲਾਈ ਅਤੇ ਫ਼ੌਜ ਦੀ ਸਿਖਲਾਈ ਨੂੰ ਲੈ ਕੇ ਵੀ ਸਮਝੌਤਾ ਕੀਤਾ ਹੈ। ਚੀਨੀ ਰੱਖਿਆ ਮੰਤਰੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਓਲੀ ਨਾਲ ਮੁਲਾਕਾਤ ਕੀਤੀ ਸੀ ਅਤੇ ਸਾਂਝੇ ਹਿੱਤ ਦੇ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਦੌਰਾਨ ਵੇਈ ਨੇ ਨੇਪਾਲੀ ਫੌਜ ਪ੍ਰਮੁੱਖ ਜਨਰਲ ਪੂਰਨ ਚੰਦਰ ਥਾਪਾ ਨਾਲ ਫ਼ੌਜੀ ਸਹਿਯੋਗ ਅਤੇ ਟਰੇਨਿੰਗ ਬਹਾਲ ਕਰਨ ’ਤੇ ਗੱਲਬਾਤ ਕੀਤੀ ਜੋ ਕੋਵਿਡ-19 ਦੇ ਕਾਰਣ ਪ੍ਰਭਾਵਿਤ ਹੋਈ ਹੈ।
ਚੀਨੀ ਰੱਖਿਆ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਮੁਤਾਬਕ ਵੇਈ ਨੇ ਨੇਪਾਲੀ ਨੇਤਾਵਾਂ ਨੂੰ ਕਿਹਾ ਕਿ ਇਕ ਚੀਨ ਦੀ ਨੀਤੀ ਨੂੰ ਦ੍ਰਿੜ੍ਹਤਾਪੂਰਵਕ ਅਪਨਾਉਣ ਲਈ ਚੀਨ ਨੇਪਾਲ ਦੀ ਸਿਫ਼ਤ ਕਰਦਾ ਹੈ ਅਤੇ ਨੇਪਾਲ ਦੀ ਰਾਸ਼ਟਰੀ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਸੁਰੱਖਿਆ ਸਮਰਥਨ ਕਰਦਾ ਹੈ।