ਅਹਿਮ ਖੁਲਾਸਾ: ਵੱਧਦੀ ਆਬਾਦੀ ਨੂੰ ਕਾਬੂ ਕਰਨ ਲਈ ਚੀਨ ਮੁਸਲਿਮ ਬੀਬੀਆਂ ਦਾ ਕਰਵਾ ਰਿਹਾ ਹੈ ਗਰਭਪਾਤ

06/30/2020 6:29:58 PM

ਬੀਜਿੰਗ (ਬਿਊਰੋ): ਚੀਨ ਘੱਟ ਗਿਣਤੀ ਖਾਸ ਕਰ ਕੇ ਮੁਸਲਿਮਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਬਹੁਤ ਸਖਤ ਅਤੇ ਅਣਮਨੁੱਖੀ ਵਿਵਹਾਰ ਕਰ ਰਿਹਾ ਹੈ। ਜਰਮਨ ਵਿਦਵਾਨ ਐਡ੍ਰੀਯਨ ਜੇਂਜ ਦੀ ਇਕ ਰਿਸਰਚ ਵਿਚ ਇਹ ਖੁਲਾਸਾ ਹੋਇਆ ਹੈ। ਰਿਸਰਚ ਵਿਚ ਕਿਹਾ ਗਿਆ ਹੈ ਕਿ ਜੇਕਰ ਮੁਸਲਿਮ ਬੀਬੀਆਂ ਗਰਭਧਾਰਨ ਦੀਆਂ ਸੀਮਾਵਾਂ ਪਾਰ ਕਰ ਜਾਂਦੀਆਂ ਹਨ ਤਾਂ ਉਹਨਾਂ ਦਾ ਜ਼ਬਰਦਸਤੀ ਗਰਭਪਾਤ  ਕਰਾ ਦਿੱਤਾ ਜਾਂਦਾ ਹੈ। ਇਸ ਰਿਪੋਰਟ ਦੇ ਸਾਹਮਣੇ ਆਉਣ ਦੇ ਬਾਅਦ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਤੋਂ ਚੀਨ ਵਿਚ ਘੱਟ ਗਿਣਤੀਆਂ ਜਿਵੇਂ ਉਇਗਰਾਂ ਅਤੇ ਦੂਜੇ ਮੁਸਲਮਾਨਾਂ ਦੇ ਨਾਲ ਹੋ ਰਹੀ ਬੇਰਹਿਮੀ ਵਿਰੁੱਧ ਜਾਂਚ ਦੀ ਮੰਗ ਜ਼ੋਰ ਫੜ ਰਹੀ ਹੈ। ਅਮਰੀਕਾ ਨੇ ਚੀਨ ਨੂੰ ਤੁਰੰਤ ਇਸ ਤਰ੍ਹਾਂ ਦਾ ਅਣਮਨੁੱਖੀ ਵਤੀਰਾ ਰੋਕਣ ਦੀ ਮੰਗ ਕੀਤੀ ਹੈ। ਅਮਰੀਕਾ ਨੇ ਇਸ ਮਾਮਲੇ ਵਿਚ ਗਲੋਬਲ ਭਾਈਚਾਰੇ ਨੂੰ ਉਸ ਨਾਲ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਭਾਵੇਂਕਿ ਚੀਨ ਨੇ ਹਮੇਸ਼ਾ ਦੀ ਤਰ੍ਹਾਂ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ।

ਚੀਨ ਕਰ ਰਿਹੈ 'ਡੇਮੋਗ੍ਰਾਫਿਕ ਜੀਨੋਸਾਈਡ'
ਮੁਸਲਿਮਾਂ ਦੀ ਆਬਾਦੀ ਘੱਟ ਕਰਨ ਲਈ ਚੀਨ ਅਣਮਨੁੱਖੀ ਤਰੀਕਾ ਅਪਨਾ ਰਿਹਾ ਹੈ। ਐਡ੍ਰੀਯਨ ਦੀ ਰਿਸਰਚ ਦੇ ਮੁਤਾਬਕ ਚੀਨ ਦੇ ਇਸ ਵਤੀਰੇ ਕਾਰਨ ਸ਼ਿਜਿਆਂਗ ਇਲਾਕੇ ਵਿਚ ਜਿੱਥੇ ਆਾਬਾਦੀ ਤੇਜ਼ ਗਤੀ ਨਾਲ ਵੱਧ ਰਹੀ ਸੀ ਉਹ ਹੁਣ ਘੱਟ ਗਈ ਹੈ। ਇਹ ਰਿਪੋਰਟ ਇਕੱਠੇ ਕੀਤੇ ਗਏ ਵਿਭਿੰਨ ਅੰਕੜਿਆਂ, ਸਰਕਾਰੀ ਦਸਤਾਵੇਜ਼ਾਂ ਅਤੇ ਕਈ ਮੁਸਲਿਮ ਬੀਬੀਆਂ ਦੇ ਨਾਲ ਇੰਟਰਵਿਊ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਰਿਪੋਰਟ ਵਿਚ ਇਸ ਗੱਲ ਦੀ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ ਕਿ ਚੀਨ ਦੇ ਸਰਕਾਰੀ ਅਧਿਕਾਰੀ ਆਬਾਦੀ 'ਤੇ ਕੰਟਰੋਲ ਕਰਨ ਲਈ ਉਇਗਰ ਮੁਸਲਿਮ ਬੀਬੀਆਂ ਦੇ ਸਰੀਰ 'ਤੇ ਕਿਸ ਤਰ੍ਹਾਂ ਦਾ ਜ਼ੁਲਮ ਕਰ ਰਹੇ ਹਨ। ਕੁਝ ਮਾਹਰਾਂ ਨੇ ਚੀਨ ਦੇ ਇਸ ਅਣਮਨੁੱਖੀ ਵਤੀਰੇ ਨੂੰ 'ਡੈਮੋਗ੍ਰਾਫਿਕ ਜੀਨੋਸਾਈਡ' ਦੱਸਿਆ ਹੈ।

ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈਕਿ ਚੀਨ ਦੀ ਸਰਕਾਰ ਉਇਗਰ ਮੁਸਿਲਮ ਬੀਬੀਆਂ ਸਮੇਤ ਜ਼ਿਆਦਾਤਰ ਘੱਟ ਗਿਣਤੀ ਬੀਬੀਆਂ ਦੀ ਲਗਾਤਾਰ ਗਰਭ ਅਵਸਥਾ ਦੀ ਜਾਂਚ ਕਰਵਾਉਂਦੀ ਹੈ। ਉਸ ਦੇ ਸਰੀਰ ਵਿਚ ਜ਼ਬਰਦਸਤੀ ਗਰਭ ਨਿਰੋਧਕ ਉਪਕਰਣ ਪਾ ਦਿੰਦੀ ਹੈ। ਨਸਬੰਦੀ ਕਰ ਦਿੰਦੀ ਹੈ ਅਤੇ ਜੇਕਰ ਦੇਰ ਹੋ ਜਾਂਦੀ ਹੈ ਤਾਂ ਜ਼ਬਰਦਸਤੀ ਗਰਭਪਾਤ ਵੀ ਕਰਵਾ ਦਿੱਤਾ ਜਾਂਦਾ ਹੈ। ਰਿਪੋਰਟ ਮੁਤਾਬਕ ਕੁੱਲ ਮਿਲਾ ਕੇ ਅਜਿਹਾ ਲੱਗਦਾ ਹੈ ਕਿ ਸ਼ਿਜਿਆਂਗ ਦੇ ਅਧਿਕਾਰੀ ਤਿੰਨ ਜਾਂ ਜ਼ਿਆਦਾ ਬੱਚਿਆਂ ਵਾਲੀਆਂ ਬੀਬੀਆਂ ਦੀ ਸਮੂਹਿਕ ਨਸਬੰਦੀ ਵਿਚ ਲੱਗੇ ਹੋਏ ਹਨ।

ਪਹਿਲੇ ਸ਼ਿਜਿਆਂਗ ਨਜ਼ਰਬੰਦੀ ਕੈਂਪ ਵਿਚ ਰਹਿ ਚੁੱਕੀਆਂ ਮੁਸਲਿਮ ਬੀਬੀਆਂ ਨੇ ਦੱਸਿਆ ਕਿ ਉਹਨਾਂ ਨੂੰ ਟੀਕਾ ਲਗਾਇਆ ਜਾਂਦਾ ਸੀ ਜਿਸ ਨਾਲ ਪੀਰੀਅਡ ਰੁੱਕ ਜਾਂਦੇ ਸੀ ਜਾਂ ਗਰਭ ਨਿਰੋਧਕ ਗੋਲੀਆਂ ਖਵਾਏ ਜਾਣ ਦੇ ਪ੍ਰਭਾਵ ਵਿਚ ਅਸਧਾਰਨ ਬਲੀਡਿੰਗ ਸ਼ੁਰੂ ਹੋ ਜਾਂਦੀ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁਸਲਿਮ ਘੱਟ ਗਿਣਤੀਆਂ ਦੇ ਨਾਲ ਹੀ ਅਜਿਹਾ ਵਿਵਹਾਰ ਹੋ ਰਿਹਾ ਹੈ। ਜਦਕਿ ਹਾਨ ਚਾਈਨੀਜ਼ ਨਾਲ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ।ਸੋਮਵਾਰ ਨੂੰ ਆਈ ਇਕ ਰਿਪੋਰਟ ਮੁਤਾਬਕ ਸ਼ਿਜਿਆਂਗ ਵਿਚ ਜਿਹੜੀਆਂ ਬੀਬੀਆਂ ਨੇ ਗਰਭਧਾਰਨ ਦੀ ਸੀਮਾ ਦੀ ਉਲੰਘਣਾ ਕੀਤੀ ਉਹਨਾਂ ਤੋਂ ਬਹੁਤ ਜ਼ਿਆਦਾ ਜ਼ੁਰਮਾਨਾ ਵਸੂਲਿਆ ਗਿਆ ਅਤੇ ਉਹਨਾਂ ਨੂੰ ਧਮਕਾਇਆ ਵੀ ਗਿਆ।

ਉਇਗਰ ਮੁਸਲਿਮਾਂ ਦੇ ਦੋ ਸਭ ਤੋ ਵੱਡੇ ਇਲਾਕਿਆਂ ਵਿਚ 2015 ਤੋਂ 2018 ਦੇ ਵਿਚ ਜਨਮ ਦਰ ਵਿਚ 84 ਫੀਸਦੀ ਦੀ ਕਮੀ ਆਈ ਅਤੇ 2019 ਵਿਚ ਤਾਂ ਇਸ ਵਿਚ ਹੋਰ ਗਿਰਾਵਟ ਆ ਗਈ।ਐਡ੍ਰੀਯਨ ਨੇ ਮੀਡੀਆ ਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਗਿਰਾਵਟ  ਬੇਮਿਸਾਲ ਹੈ ਇਸ ਵਿਚ ਬੇਰਹਿਮੀ ਹੈ। ਇਹ ਉਇਗਰਾਂ ਨੂੰ ਕਾਬੂ ਵਿਚ ਕਰਨ ਦੀ ਇਕ ਵਿਆਪਕ ਕੰਟਰੋਲ ਮੁਹਿੰਮ ਦਾ ਹਿੱਸਾ ਹੈ। ਭਾਵੇਂਕਿ ਚੀਨ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਆਧਾਰਹੀਣ ਅਤੇ ਰਿਸਰਚ ਨੂੰ ਗਲਤ ਇਰਾਦੇ ਨਾਲ ਕੀਤਾ ਗਿਆ ਦੱਸਿਆ ਹੈ।

ਇੱਥੇ ਦੱਸ ਦਈਏ ਕਿ ਚੀਨ ਘੱਟ ਗਿਣਤੀਆਂ ਅਤੇ ਉਹਨਾਂ ਵਿਚੋਂ ਖਾਸ ਕੇ ਉਇਗਰ ਮੁਸਲਮਾਨਾਂ ਨੂੰ ਨਜ਼ਰਬੰਦੀ ਕੈਂਪਾਂ ਵਿਚ ਜ਼ਬਰਦਸਤੀ ਰੱਖਣ ਲਈ ਪਹਿਲਾਂ ਤੋਂ ਹੀ ਦੁਨੀਆ ਦੇ ਨਿਸ਼ਾਨੇ 'ਤੇ ਹੈ। ਅਜਿਹੇ ਵਿਚ ਜਰਮਨ ਵਿਦਵਾਨ ਦੇ ਨਵੇ ਖੁਲਾਸੇ ਦੇ ਬਾਅਦ ਸੰਯੁਕਤ ਰਾਸ਼ਟਰ 'ਤੇ ਮੁਸਲਿਮ ਬੀਬੀਆਂ 'ਤੇ ਉੱਥੇ ਹੋ ਰਹੇ ਅੱਤਿਆਚਾਰਾਂ ਦੀ ਸੁੰਤਤਰ ਜਾਂਚ ਕਰਾਉਣ ਦੀ ਮੰਗ ਸਬੰਧੀ ਦਬਾਅ ਵਧਣ ਲੱਗਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈਕਿ ਚੀਨ ਵਿਚ ਕਰੀਬ 10 ਲੱਖ ਉਇਗਰਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ। ਚੀਨ ਇਹਨਾਂ ਕੈਂਪਾਂ ਨੂੰ 'ਰੀ-ਐਜੁਕੇਸ਼ਨ' ਕੈਂਪ ਦੱਸ ਕੇ ਆਪਣਾ ਜ਼ੁਰਮ ਲੁਕੋ ਰਿਹਾ ਹੈ।
 


Vandana

Content Editor

Related News