ਕੋਰੋਨਾ ਵਾਇਰਸ ਦੇ ਫੈਲਣ ਦੇ ਡਰ ਨਾਲ ਚੀਨ ਨੇ 3 ਸ਼ਹਿਰਾਂ ਨੂੰ ਕੀਤਾ ਬੰਦ
Thursday, Jan 23, 2020 - 08:54 PM (IST)

ਵੂਹਾਨ- ਚੀਨ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਵੱਡਾ ਕਦਮ ਚੁੱਕਦੇ ਹੋਏ ਕੋਰੋਨਾ ਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਆਪਣੇ 3 ਸ਼ਹਿਰਾਂ ਨੂੰ ਵੀਰਵਾਰ ਨੂੰ ਬੰਦ ਕਰ ਦਿੱਤਾ ਹੈ ਤੇ ਇਹਨਾਂ ਸ਼ਹਿਰਾਂ ਵਿਚ ਹਵਾਈ ਤੇ ਟਰੇਨਾਂ ਦੀ ਆਵਾਜਾਈ ਵੀ ਰੋਕ ਦਿੱਤੀ ਹੈ। ਇਹਨਾਂ 3 ਸ਼ਹਿਰਾਂ ਵਿਚ ਤਕਰੀਬਨ ਦੋ ਕਰੋੜ ਲੋਕ ਰਹਿੰਦੇ ਹਨ। ਵੂਹਾਨ ਵਿਚ ਸੀਫੂਡ ਤੇ ਪਸੂ ਬਾਜ਼ਾਰ ਤੋਂ ਫੈਲੇ ਇਸ ਵਾਇਰਸ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦੇਸ਼ ਭਰ ਵਿਚ ਸੈਂਕੜੇ ਲੋਕ ਇਸ ਨਾਲ ਪ੍ਰਭਾਵਿਤ ਹਨ। ਅਮਰੀਕਾ ਵਿਚ ਵੀ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ।
ਮੱਧ ਹੁਬੇਈ ਸੂਬੇ ਦੀ ਪ੍ਰਮੁੱਖ ਬੰਦਰਗਾਹ ਵੂਹਾਨ ਵਿਚ ਸੜਕਾਂ ਤੇ ਦੁਕਾਨਾਂ ਬੰਦ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਬਿਨਾਂ ਕਾਰਨ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਵੂਹਾਨ ਵਿਚ ਟਰੇਨ ਤੇ ਹਵਾਈ ਸੇਵਾਵਾਂ ਅਨਿਸ਼ਚਿਤ ਸਮੇਂ ਲਈ ਬੰਦ ਹਨ। ਸ਼ਹਿਰ ਦੇ ਬਾਹਰ ਟੋਲਵੇਜ਼ ਬੰਦ ਹੈ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। 1.1 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਵਿਚ ਬਿਲਕੁੱਲ ਖਾਮੋਸ਼ੀ ਫੈਲੀ ਹੋਈ ਹੈ। ਵੂਹਾਨ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਤੋਂ ਕੁਝ ਘੰਟੇ ਬਾਅਦ ਗੁਆਂਢੀ ਹੁਆਂਗਗੈਂਗ ਵਿਚ ਵੀ ਅਧਿਕਾਰੀਆਂ ਨੇ ਜਨਤਕ ਵਾਹਨਾਂ ਤੇ ਟਰੇਨ ਸੇਵਾਵਾਂ ਦੇ ਅੱਧੀ ਰਾਤ ਤੱਕ ਬੰਦ ਰਹਿਣ ਦਾ ਐਲਾਨ ਕੀਤਾ ਤੇ 75 ਲੱਖ ਦੀ ਆਬਾਦੀ ਵਾਲੇ ਸ਼ਹਿਰ ਦੇ ਨਿਵਾਸੀਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਹੁਆਂਗਗੈਂਗ ਵਿਚ ਸਾਰੇ ਸਿਨੇਮਾ, ਇੰਟਰਨੈੱਟ ਕੈਫੇ ਤੇ ਸੈਂਟਰਲ ਮਾਰਕੀਟ ਬੰਦ ਹੈ। ਤਕਰੀਬਨ 11 ਲੱਖ ਦੀ ਆਬਾਦੀ ਵਾਲੇ ਇਕ ਸ਼ਹਿਰ ਤੇ ਸ਼ਹਿਰ ਏਝਾਓ ਵਿਚ ਵੀ ਰੇਲਵੇ ਸਟੇਸ਼ਨ ਨੂੰ ਦਿਨ ਦੇ ਸ਼ੁਰੂਆਤੀ ਘੰਟਿਆਂ ਵਿਚ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਸੀ।