ਚੀਨ ਨੇ ਸਮੁੰਦਰ ’ਚ ਉਤਾਰਿਆ ਆਪਣਾ ‘ਬ੍ਰਹਮ ਅਸਤਰ’

Saturday, Nov 08, 2025 - 12:36 PM (IST)

ਚੀਨ ਨੇ ਸਮੁੰਦਰ ’ਚ ਉਤਾਰਿਆ ਆਪਣਾ ‘ਬ੍ਰਹਮ ਅਸਤਰ’

ਨਵੀਂ ਦਿੱਲੀ (ਏਜੰਸੀਆਂ)- ਚੀਨ ਨੇ ਆਪਣੇ ‘ਬ੍ਰਹਮ ਅਸਤਰ’ ਭਾਵ ਤੀਜੇ ਏਅਰਕ੍ਰਾਫਟ ਕੈਰੀਅਰ ਬੇੜੇ ‘ਫੁਜਿਆਨ’ ਨੂੰ ਸਮੁੰਦਰੀ ਫੌਜ ਦੇ ਬੇੜੇ ’ਚ ਸ਼ਾਮਲ ਕਰ ਲਿਆ ਹੈ। ਇਸ ਨੂੰ ਇਲੈਕਟ੍ਰੋਮੈਗਨੈਟਿਕ ਲਾਂਚ ਸਿਸਟਮ (ਇਲੈਕਟ੍ਰੋਮੈਗਨੈਟਿਕ ਕੈਟਾਪਲਟ) ਨਾਲ ਲੈਸ ਸਭ ਤੋਂ ਆਧੁਨਿਕ ਜੰਗੀ ਬੇੜਾ ਦੱਸਿਆ ਜਾ ਰਿਹਾ ਹੈ, ਜਿਸ ਨਾਲ ਜਹਾਜ਼ਾਂ ਨੂੰ ਉਡਾਣ ਭਰਨ ’ਚ ਮਦਦ ਮਿਲਦੀ ਹੈ।

‘ਫੁਜਿਆਨ’ ਨੂੰ ਚੀਨੀ ਸਮੁੰਦਰੀ ਫੌਜ ’ਚ ਸ਼ਾਮਲ ਕਰਨ ਮੌਕੇ ਆਯੋਜਿਤ ਗੁਪਤ ਸਮਾਰੋਹ ’ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਮੌਜੂਦ ਸਨ। ਫੁਜਿਆਨ ਇਕ ‘ਇਲੈਕਟ੍ਰੋਮੈਗਨੇਟਿਕ ਏਅਰਕ੍ਰਾਫਟ ਲਾਂਚ ਸਿਸਟਮ’ (ਈ. ਐੱਮ. ਏ. ਐੱਲ. ਐੱਸ.) ਨਾਲ ਲੈਸ ਹੈ, ਜਿਸ ਦੀ ਵਰਤੋਂ ਸਿਰਫ਼ ਅਮਰੀਕੀ ਏਅਰਕ੍ਰਾਫਟ ਕੈਰੀਅਰ ਬੇੜੇ ਯੂ. ਐੱਸ. ਐੱਸ. ਗੇਰਾਲਡ ਆਰ. ਫੋਰਡ ਜ਼ਰੀਏ ਕੀਤੀ ਜਾਂਦੀ ਹੈ।

ਗਲੋਬਲ ਟਾਈਮਜ਼ ਅਨੁਸਾਰ, ਫੁਜਿਆਨ ਆਪਣੇ ਡੈੱਕ ਤੋਂ ਇਕੱਠਿਆਂ 3 ਵੱਖ-ਵੱਖ ਤਰ੍ਹਾਂ ਦੇ ਜਹਾਜ਼ ਲਾਂਚ ਕਰ ਸਕਦਾ ਹੈ। ਚੀਨ ਨੇ ਇਸੇ ਸਾਲ ਆਪਣੇ 5ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਜੇ-35ਏ ਮੈਰੀਨ ਨੂੰ ਵੀ ਏਅਰਕ੍ਰਾਫਟ ਕੈਰੀਅਰ ਤੋਂ ਲਾਂਚ ਕਰ ਚੁੱਕਾ ਹੈ। ਭਾਵ, ਚੀਨ ਦੀ ਸਮੁੰਦਰੀ ਫੌਜ ਹੁਣ ਕਾਫੀ ਸ਼ਕਤੀਸ਼ਾਲੀ ਹੋ ਚੁੱਕੀ ਹੈ। ਇਸ ਜੰਗੀ ਬੇੜੇ ਦਾ ਭਾਰ 80,000 ਟਨ ਹੈ ਅਤੇ ਇਹ 50 ਤੋਂ ਵੱਧ ਜਹਾਜ਼ਾਂ ਨੂੰ ਲਿਜਾ ਸਕਦਾ ਹੈ। ਇਸ ਜੰਗੀ ਬੇੜੇ ’ਤੇ 70 ਤੋਂ 100 ਜਹਾਜ਼ ਅਤੇ ਹੈਲੀਕਾਪਟਰ ਰੱਖੇ ਜਾ ਸਕਣਗੇ। ਇਸ ਦੀ ਲੰਬਾਈ 316 ਮੀਟਰ ਹੈ। ਇਸ ’ਚ 3 ਕੈਟਾਪਲਟ ਅਤੇ 2 ਜਹਾਜ਼ ਲਿਫਟਾਂ ਵਾਲਾ ਇਕ ਸਮਤਲ ਉਡਾਣ ਡੈੱਕ ਹੈ। ਇਹ ਨਿਊਕਲੀਅਰ ਪਾਵਰ ਵਾਲਾ ਪਹਿਲਾ ਕੈਰੀਅਰ ਹੋਵੇਗਾ। ਚੀਨ ਦਾ ਟੀਚਾ 2030 ਤੱਕ 460 ਜਹਾਜ਼ਾਂ ਦੀ ਸਮੁੰਦਰੀ ਫੌਜ ਬਣਾਉਣਾ ਹੈ। ਚੀਨ ਹੁਣ ਅੰਕੜਿਆਂ ਦੇ ਲਿਹਾਜ ਨਾਲ ਦੁਨੀਆ ਦੀ ਸਭ ਤੋਂ ਵੱਡੀ ਸਮੁੰਦਰੀ ਫੌਜ ਹੈ, ਜਿਸ ’ਚ 356 ਤੋਂ ਵੱਧ ਜਹਾਜ਼, ਪਣਡੁੱਬੀਆਂ ਅਤੇ ਹੋਰ ਵਾਹਨ ਹਨ।

ਅਮਰੀਕਾ ਤੋਂ ਅੱਗੇ ਨਿਕਲਿਆ ਚੀਨ

ਵੱਡੀ ਗੱਲ ਇਹ ਹੈ ਕਿ ਫੁਜਿਆਨ ਜਿੱਥੇ ਚੀਨ ਦੇ ਲੜਾਕੂ ਜਹਾਜ਼ਾਂ ਜੇ-35 ਸ਼੍ਰੇਣੀ ਦੇ ਟੇਕ-ਆਫ਼ ਦਾ ਸਮਰਥਨ ਕਰਨ ’ਚ ਸਮਰੱਥ ਹੈ, ਉੱਥੇ ਹੀ, ਅਮਰੀਕਾ ਦੇ ਫੋਰਡ-ਸ਼੍ਰੇਣੀ ਦੇ ਕੈਰੀਅਰ ਨੂੰ ਸਟੀਲਥ ਲੜਾਕੂ ਜਹਾਜ਼ ‘ਐੱਫ-35 ਲਾਈਟਨਿੰਗ-2 ਦਾ ਪੂਰੀ ਤਰ੍ਹਾਂ ਸਮਰਥਨ ਕਰਨ ਲਈ ਉਸ ’ਚ ਕੁਝ ਸੋਧਾਂ ਦੀ ਲੋੜ ਹੋਵੇਗੀ। ਸੁਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦੇ ਕੈਰੀਅਰ ਵਧਣ ਦੀ ਰਫਤਾਰ ਚਿੰਤਾਜਨਕ ਹੈ। ਇਸ ਨਾਲ ਚੀਨ ਦਾ ਦੱਖਣੀ ਚੀਨ ਸਾਗਰ ਸਮੇਤ ਹੋਰ ਮਹਾਸਾਗਰਾਂ ’ਚ ਖੇਤਰੀ ਮਹੱਤਵ ਵਧ ਸਕਦਾ ਹੈ ਅਤੇ ਖੇਤਰੀ ਰੱਖਿਆ ਦਾ ਸੰਤੁਲਨ ਵਿਗੜ ਸਕਦਾ ਹੈ।

ਭਾਰਤ ਲਈ ਟੈਂਸ਼ਨ

ਇਸ ਨੇ ਭਾਰਤ ਲਈ ਵੀ ਖਤਰੇ ਦੀ ਘੰਟੀ ਵੱਜਾ ਦਿੱਤੀ ਹੈ, ਕਿਉਂਕਿ ਫੁਜਿਆਨ ਦਾ ਪ੍ਰਭਾਵ ਹਿੰਦ ਮਹਾਸਾਗਰ ’ਚ ਵੀ ਵੇਖਣ ਨੂੰ ਮਿਲ ਸਕਦਾ ਹੈ। ਮਾਹਰਾਂ ਅਨੁਸਾਰ ਚੀਨ ਦੇ 3 ਵੱਡੇ ਜੰਗੀ ਬੇੜੇ ਭਾਰਤ ਨੂੰ ਸਮੁੰਦਰੀ ਫੌਜ ਦੀਆਂ ਤਿਆਰੀਆਂ ’ਚ ਪਛਾੜ ਦੇਣਗੇ। ਭਾਰਤ ਕੋਲ ਹੁਣ 2 ਏਅਰਕ੍ਰਾਫਟ ਕੈਰੀਅਰ ਹਨ– ਇਕ ਆਈ. ਐੱਨ. ਐੱਸ. ਵਿਕ੍ਰਮਾਦਿਤਿਆ ਅਤੇ ਦੂਜਾ ਆਈ. ਐੱਨ. ਐੱਸ. ਵਿਕ੍ਰਾਂਤ। ਆਈ. ਐੱਨ. ਐੱਸ. ਵਿਕ੍ਰਾਂਤ ਅਗਲੇ 30-40 ਸਾਲ ਚੱਲੇਗਾ ਪਰ ਆਈ. ਐੱਨ. ਐੱਸ. ਵਿਕ੍ਰਮਾਦਿਤਿਆ 2035 ਦੇ ਆਸਪਾਸ ਰਿਟਾਇਰ ਹੋ ਜਾਵੇਗਾ।


author

cherry

Content Editor

Related News