ਅਮਰੀਕਾ ''ਚ ਆਪਣੇ ਵਿਦਿਆਰਥੀਆਂ ਨਾਲ ਹੋ ਰਹੇ ਸਲੂਕ ''ਤੇ ਭੜਕਿਆ ਚੀਨ, ਜਤਾਇਆ ਸਖ਼ਤ ਵਿਰੋਧ
Wednesday, Jan 31, 2024 - 04:03 PM (IST)
ਬੀਜਿੰਗ (ਭਾਸ਼ਾ)- ਚੀਨ ਦੀ ਸਰਕਾਰ ਨੇ ਪੜ੍ਹਾਈ ਲਈ ਅਮਰੀਕਾ ਜਾਣ ਵਾਲੇ ਚੀਨੀ ਨਾਗਰਿਕਾਂ ਨਾਲ ਹੋ ਰਹੇ ਸਲੂਕ ਨੂੰ ਲੈ ਕੇ ਅਮਰੀਕਾ ਕੋਲ ਵਿਰੋਧ ਜਤਾਇਆ ਹੈ ਅਤੇ ਕਿਹਾ ਹੈ ਕਿ ਉਸ ਦੇ ਕੁਝ ਨਾਗਰਿਕਾਂ ਤੋਂ ਘੰਟਿਆਂਬੱਧੀ ਪੁੱਛਗਿੱਛ ਕੀਤੀ ਗਈ, ਉਨ੍ਹਾਂ ਦੇ ਇਲੈਕਟ੍ਰਾਨਿਕ ਉਪਕਰਨਾਂ ਦੀ ਜਾਂਚ ਕੀਤੀ ਗਈ ਅਤੇ ਕੁਝ ਮਾਮਲਿਆਂ ਵਿੱਚ ਉਨ੍ਹਾਂ ਨੂੰ ਜ਼ਬਰਦਸਤੀ ਦੇਸ਼ ਵਿੱਚੋਂ ਕੱਢ ਦਿੱਤਾ ਗਿਆ। ਚੀਨੀ ਦੂਤਘਰ ਦੀ ਵੈੱਬਸਾਈਟ 'ਤੇ ਇਕ ਪੋਸਟ ਦੇ ਅਨੁਸਾਰ, ਵਾਸ਼ਿੰਗਟਨ ਵਿਚ ਚੀਨੀ ਰਾਜਦੂਤ ਸ਼ੀ ਫੇਂਗ ਨੇ ਕਿਹਾ ਕਿ ਵੈਧ ਵੀਜ਼ਾ ਵਾਲੇ ਦਰਜਨਾਂ ਚੀਨੀ ਲੋਕਾਂ ਨੂੰ ਪਿਛਲੇ ਕੁਝ ਮਹੀਨਿਆਂ ਵਿਚ ਵਿਦੇਸ਼ ਯਾਤਰਾ ਕਰਨ ਜਾਂ ਚੀਨ ਵਿਚ ਰਿਸ਼ਤੇਦਾਰਾਂ ਨੂੰ ਮਿਲ ਕੇ ਸਕੂਲ ਵਾਪਸ ਪਰਤਣ ਦੌਰਾਨ ਅਮਰੀਕਾ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ: ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਧ ਨਸ਼ੀਲੀਆਂ ਦਵਾਈਆਂ ਦਾ ਆਦੀ ਦੇਸ਼ : ਅਧਿਐਨ
ਉਨ੍ਹਾਂ ਨੇ ਐਤਵਾਰ ਨੂੰ ਦੋਵਾਂ ਦੇਸ਼ਾਂ ਵਿਚਕਾਰ ਵਿਦਿਆਰਥੀਆਂ ਦੀ ਅਸਾਨ ਆਵਾਜਾਈ ਦੇ ਮੁੱਦੇ 'ਤੇ ਦੂਤਘਰ ਵਿਚ ਇੱਕ ਪ੍ਰੋਗਰਾਮ ਵਿੱਚ ਕਿਹਾ, "ਜਦੋਂ ਉਹ ਹਵਾਈ ਅੱਡੇ 'ਤੇ ਉਤਰੇ ਤਾਂ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਕਰਨ ਤੋਂ ਰੋਕਿਆ, ਉਨ੍ਹਾਂ 'ਤੇ ਬੇਬੁਨਿਆਦ ਦੋਸ਼ ਲਗਾਏ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਜ਼ਬਰਦਸਤੀ ਵਾਪਸ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ।" ਉਨ੍ਹਾਂ ਕਿਹਾ, "ਇਹ ਬਿਲਕੁਲ ਅਸਵੀਕਾਰਨਯੋਗ ਹੈ।"
ਚੀਨ ਦਾ ਇਹ ਵਿਰੋਧ ਅਜਿਹੇ ਸਮੇਂ 'ਚ ਸਹਾਮਣੇ ਆਇਆ ਹੈ ਜਦੋਂ ਅਮਰੀਕਾ ਅਤੇ ਚੀਨ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਦਿਆਰਥੀ ਅਤੇ ਹੋਰ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ਦੇ ਸਾਲਾਂ ਵਿੱਚ ਵਪਾਰ, ਤਕਨਾਲੋਜੀ, ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਦੇ ਭਵਿੱਖ ਦੀ ਦਿਸ਼ਾ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਬਣ ਗਏ ਸਨ। ਦੂਤਘਰ ਦੀ ਪੋਸਟ ਅਨੁਸਾਰ, ਅਮਰੀਕਾ ਵਿੱਚ ਲਗਭਗ 290,000 ਚੀਨੀ ਵਿਦਿਆਰਥੀ ਹਨ, ਜੋ ਦੇਸ਼ ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਇੱਕ ਤਿਹਾਈ ਹਿੱਸਾ ਹੈ।
ਪੋਸਟ ਵਿੱਚ ਕਿਹਾ ਗਿਆ ਹੈ ਕਿ 13 ਲੱਖ ਤੋਂ ਵੱਧ ਚੀਨੀ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ ਅਤੇ ਇਹ ਗਿਣਤੀ ਕਿਸੇ ਵੀ ਹੋਰ ਦੇਸ਼ ਵਿੱਚ ਪੜ੍ਹ ਰਹੇ ਚੀਨੀ ਵਿਦਿਆਰਥੀਆਂ ਦੀ ਗਿਣਤੀ ਤੋਂ ਵੱਧ ਹੈ। ਇੱਕ ਵੱਖਰੇ ਆਨਲਾਈਨ ਬਿਆਨ ਵਿੱਚ, ਚੀਨੀ ਦੂਤਘਰ ਨੇ ਕਿਹਾ ਕਿ ਉਸ ਨੇ ਵਾਸ਼ਿੰਗਟਨ ਡੀ.ਸੀ. ਡਲੇਸ ਏਅਰਪੋਰਟ 'ਤੇ ਪਹੁੰਚਣ ਵਾਲੇ ਵਿਦਿਆਰਥੀਆਂ ਨਾਲ ਕੀਤੇ ਗਏ ਵਤੀਰੇ ਬਾਰੇ ਅਮਰੀਕੀ ਸਰਕਾਰ ਨੂੰ ਸੂਚਿਤ ਕਰ ਦਿੱਤਾ ਹੈ। ਬਿਆਨ ਵਿੱਚ ਚੀਨੀ ਵਿਦਿਆਰਥੀਆਂ ਨੂੰ ਹਵਾਈ ਅੱਡੇ ਵਿੱਚ ਦਾਖਲ ਹੋਣ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਸ਼ੀ ਦੀਆਂ ਟਿੱਪਣੀਆਂ ਸਿਰਫ਼ ਡੇਲਸ ਦੇ ਮਾਮਲੇ ਵਿਚ ਹਨ ਜਾਂ ਹੋਰ ਐਂਟਰੀ ਪੁਆਇੰਟਾਂ ਦੇ ਸੰਦਰਭ ਵਿਚ ਵੀ ਕਹੀਆਂ ਗਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।