ਕੋਵਿਡ-19 ਕਾਰਨ ਵਿਸ਼ਵ ਦਾ ਧਿਆਨ ਭਟਕਿਆ, ਚੀਨ ਚੁੱਕਣਾ ਚਾਹੁੰਦੈ ਇਸ ਦਾ ਫਾਇਦਾ : ਅਮਰੀਕੀ ਅਧਿਕਾਰੀ

06/19/2020 10:35:44 AM

ਵਾਸ਼ਿੰਗਟਨ- ਅਮਰੀਕਾ ਦੇ ਇਕ ਉੱਚ ਡਿਪਲੋਮੈਟ ਨੇ ਕਿਹਾ ਕਿ ਭਾਰਤੀ ਸਰਹੱਦ ਸਣੇ ਕਈ ਮਰਚਿਆਂ 'ਤੇ ਚੀਨ ਵਲੋਂ ਕੀਤੀਆਂ ਜਾ ਰਹੀਆਂ ਹਰਕਤਾਂ ਤੋਂ ਅਜਿਹਾ ਲੱਗਦਾ ਹੈ ਕਿ ਬੀਜਿੰਗ ਦਾ ਇਹ ਮੰਨਣਾ ਹੈ ਕਿ ਮਹਾਮਾਰੀ ਕੋਵਿਡ-19 ਕਾਰਨ ਵਿਸ਼ਵ ਦਾ ਧਿਆਨ ਭਟਕਿਆ ਹੈ ਅਤੇ ਉਹ ਇਸ ਦਾ ਫਾਇਦਾ ਚੁੱਕ ਸਕਦਾ ਹੈ। 

ਪੂਰਬੀ ਏਸ਼ੀਆਈ ਅਤੇ ਪ੍ਰਸ਼ਾਂਤ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਡੇਵਿਡ ਸਟਿਲਵੇਲ ਨੇ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪ੍ਰਸ਼ਾਸਨ ਭਾਰਤ-ਚੀਨ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਬਣਾਏ ਹੋਏ ਹੈ।
ਉਨ੍ਹਾਂ ਕਾਨਫਰੰਸ ਕਾਲ ਰਾਹੀਂ ਪੱਤਰਕਾਰਾਂ ਨੂੰ ਕਿਹਾ ਕਿ ਚੀਨ ਦੀ ਭਾਰਤ ਵਿਚ ਹਾਲੀਆ ਕਾਰਵਾਈ ਉਸ ਦੀ ਡੋਕਲਾਮ ਸਣੇ ਭਾਰਤੀ ਸਰਹੱਦ 'ਤੇ ਪਹਿਲਾਂ ਦੀਆਂ ਗਤੀਵਿਧੀਆਂ ਦੀ ਤਰ੍ਹਾਂ ਹੀ ਹੈ। ਉਨ੍ਹਾਂ ਕਿਹਾ ਕਿ ਕਈ ਮੋਰਚਿਆਂ 'ਤੇ ਚੀਨ ਵਲੋਂ ਅਜਿਹਾ ਕਰਨ ਪਿੱਛੇ ਦਾ ਕਾਰਨ ਇਹ ਹੋ ਸਕਦਾ ਹੈ ਕਿ ਬੀਜਿੰਗ ਨੂੰ ਲੱਗਦਾ ਹੈ ਕਿ ਅਜੇ ਦੁਨੀਆ ਦਾ ਧਿਆਨ ਭਟਕਿਆ ਹੋਇਆ ਹੈ ਤੇ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਤੋਂ ਉੱਭਰ ਰਹੀ ਦੁਨੀਆ ਦਾ ਪੂਰਾ ਧਿਆਨ ਲੋਕਾਂ ਦੀ ਜਾਨ ਬਚਾਉਣ 'ਤੇ ਹੈ। ਇਸ ਮੌਕੇ ਨੂੰ ਉਸ ਨੇ ਫਾਇਦਾ ਚੁੱਕਣ ਦੇ ਮੌਕੇ ਵਜੋਂ ਦੇਖਿਆ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਦਾ ਅਧਿਕਾਰਕ ਰੁਖ ਸਪੱਸ਼ਟ ਨਹੀਂ ਕਰ ਰਿਹਾ ਪਰ ਜਨਤਕ ਤੌਰ 'ਤੇ ਉਸ ਵਲੋਂ ਅਜਿਹਾ ਕਰਨ ਦੇ ਕਈ ਸਪੱਸ਼ਟੀਕਰਨ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਸੀਂ ਭਾਰਤ-ਚੀਨ ਸਰਹੱਦ ਵਿਵਾਦ 'ਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ। 

ਦੋ-ਪੱਖੀ ਸਬੰਧਾਂ ਅਤੇ ਕੋਰੋਨਾ ਵਾਇਰਸ ਮਹਾਮਾਰੀ 'ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਉੱਚ ਚੀਨੀ ਡਿਪਲੋਮੈਟ ਯਾਂਗ ਜਿਏਚੀ ਵਿਚਕਾਰ ਹਵਾਈ ਵਿਚ ਬੈਠਕ ਦੇ ਬਾਅਦ ਕਾਨਫਰੰਸ ਕਾਲ ਵਿਚ ਉਨ੍ਹਾਂ ਇਹ ਬਿਆਨ ਦਿੱਤਾ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਦੀ ਫੌਜ ਵਿਚਕਾਰ ਹੋਈ ਹਿੰਸਕ ਝੜਪ ਵਿਚ ਭਾਰਤ ਦੇ 20 ਫੌਜੀ ਸ਼ਹੀਦ ਹੋ ਗਏ ਸਨ। ਇਸ ਬੈਠਕ ਵਿਚ ਭਾਰਤ-ਚੀਨ ਵਿਵਾਦ ਦਾ ਮੁੱਦਾ ਚੁੱਕਿਆ ਗਿਆ ਕਿ ਨਹੀਂ ਇਹ ਅਜੇ ਸਪੱਸ਼ਟ ਨਹੀਂ ਹੈ। 


Lalita Mam

Content Editor

Related News