ਚੀਨ 'ਚ ਕੋਰੋਨਾਵਾਇਰਸ ਦੀ ਹਰਬਲ ਦਵਾਈ ਦੀ ਚਰਚਾ ਜੋਰਾਂ 'ਤੇ
Sunday, Feb 02, 2020 - 04:37 PM (IST)

ਬੀਜਿੰਗ (ਭਾਸ਼ਾ): ਚੀਨੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਫੁੱਲਾਂ ਦੇ ਮਕਰੰਦ ਅਤੇ ਫੁੱਲ ਵਾਲੇ ਪੌਦਿਆਂ ਨਾਲ ਬਣੇ ਤਰਲ ਪਦਾਰਥ ਨਾਲ ਕੋਰੋਨਾਵਾਇਰਸ ਨਾਲ ਲੜਨ ਵਿਚ ਮਦਦ ਮਿਲ ਸਕਦੀ ਹੈ। ਜਿਸ ਮਗਰੋਂ ਇਸ ਰਵਾਇਤੀ ਦਵਾਈ ਨੂੰ ਖਰੀਦਣ ਲਈ ਲੋਕਾਂ ਦੀ ਭੀੜ ਲੱਗ ਗਈ। ਇਸ ਦੇ ਤੁਰੰਤ ਬਾਅਦ ਇਸ ਨੂੰ ਲੈ ਕੇ ਸ਼ੱਕ ਵੀ ਪੈਦਾ ਹੋਣ ਲੱਗੇ। ਦੇਸ਼ ਵਿਚ ਕੋਰੋਨਾਵਾਇਰਸ ਦੇ ਫੈਲਦੇ ਪ੍ਰਕੋਪ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਨਾਲ ਲੋਕ ਦਵਾਈਆਂ ਦੀਆਂ ਦੁਕਾਨਾਂ 'ਤੇ 'ਸ਼ੌਨਘੁਆਂਗਲਿਯਾਨ' ਦੇ ਲਈ ਲਾਈਨ ਲਗਾ ਕੇ ਖੜ੍ਹੇ ਹੋ ਗਏ। ਸਰਕਾਰੀ ਮੀਡੀਆ 'ਸ਼ਿਨਹੂਆ' ਨੇ ਸ਼ੁੱਕਰਵਾਰ ਨੂੰ ਖਬਰ ਦਿੱਤੀ ਕਿ ਵੱਕਾਰੀ ਚਾਈਨੀਜ਼ ਅਕੈਡਮੀ ਆਫ ਸਾਇੰਸ ਨੇ ਪਾਇਆ ਕਿ ਇਸ ਤਰਲ ਨਾਲ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ।
ਆਨਲਾਈਨ ਸਾਂਝਾ ਕੀਤੇ ਗਏ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਸਰਜੀਕਲ ਮਾਸਕ ਪਹਿਨੇ ਲੋਕ ਰਾਤ ਦੇ ਸਮੇਂ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਲਾਈਨਾਂ ਵਿਚ ਇਸ ਦਵਾਈ ਨੂੰ ਹਾਸਲ ਕਰਨ ਦੀ ਆਸ ਵਿਚ ਖੜ੍ਹੇ ਹਨ ਜਦਕਿ ਅਧਿਕਾਰਤ ਰੂਪ ਨਾਲ ਉਹਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਕ ਜਗ੍ਹਾ ਜ਼ਿਆਦਾ ਲੋਕ ਇਕੱਠੇ ਨਾ ਹੋਣ ਤਾਂ ਜੋ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਹ ਦਵਾਈ ਜਲਦੀ ਹੀ ਦੁਕਾਨਾਂ ਅਤੇ ਆਨਲਾਈਨ ਵਿਕ ਗਈ ਪਰ ਚੀਨ ਦੀ ਸੋਸ਼ਲ ਮੀਡੀਆ ਵਾਇਬੋ 'ਤੇ ਜਾਣਕਾਰੀ ਦਿੱਤੀ ਗਈ ਕਿ ਇਸ ਦਾ ਅਨੁਮਾਨਿਤ ਅਸਰ ਨਹੀਂ ਹੋਇਆ।