ਚੀਨ ਨੇ ਬਣਾਇਆ ਏਸ਼ੀਆ ਦਾ ਸਭ ਤੋਂ ਵੱਡਾ ਤੇ ਤਾਕਤਵਰ ਬੇੜਾ

Sunday, Nov 05, 2017 - 02:22 PM (IST)

ਚੀਨ ਨੇ ਬਣਾਇਆ ਏਸ਼ੀਆ ਦਾ ਸਭ ਤੋਂ ਵੱਡਾ ਤੇ ਤਾਕਤਵਰ ਬੇੜਾ

ਪੇਈਚਿੰਗ— ਚੀਨ ਨੇ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਤਾਕਤਵਰ ਬੇੜਾ ਬਣਾਇਆ ਹੈ। ਇਸ ਬੇੜੇ ਰਾਹੀਂ ਬਨਾਉਟੀ ਟਾਪੂ ਦੀ ਉਸਾਰੀ ਕੀਤੀ ਜਾ ਸਕਦੀ ਹੈ, ਜਿਵੇਂ ਕਿ ਦੱਖਣੀ ਚੀਨ ਸਾਗਰ 'ਚ ਚੀਨ ਵਲੋਂ 2015 ਵਿਚ ਬਣਾਇਆ ਗਿਆ ਸੀ।  ਇਸ ਬੇੜੇ ਨੂੰ ਸ਼ੁੱਕਰਵਾਰ ਨੂੰ ਪੂਰਬੀ ਜਿਆਂਗਸੂ ਦੀ ਬੰਦਰਗਾਹ 'ਤੇ ਲਾਂਚ ਕੀਤਾ ਗਿਆ।
'ਤਿਆਨਕੁਨ ਹਾਓ' ਨਾਂ ਦਾ ਇਹ ਬੇੜਾ ਇਕ ਘੰਟੇ ਦੇ ਅੰਦਰ 6000 ਕਿਊਬਿਕ ਮੀਟਰ ਭਾਵ 3 ਸਵੀਮਿੰਗ ਪੂਲ ਦੇ ਬਰਾਬਰ ਦੀ ਖੁਦਾਈ ਕਰਨ ਦੀ ਸਮਰੱਥਾ ਰੱਖਦਾ ਹੈ। 'ਪੀਪਲਜ਼ ਡੇਲੀ' ਅਖਬਾਰ ਅਨੁਸਾਰ 460 ਫੁੱਟ ਲੰਬਾ ਅਤੇ 27.8 ਫੁੱਟ ਚੌੜਾ ਤਿਆਨਕੁਨ ਪਾਣੀ ਦੇ ਅੰਦਰ ਦੀਆਂ ਚੱਟਾਨਾਂ ਨੂੰ ਟੁੱਕੜੇ-ਟੁੱਕੜੇ ਕਰ ਕੇ ਰੇਤ ਅਤੇ ਮਿੱਟੀ ਨੂੰ ਹਟਾ ਕੇ ਬਨਾਉਟੀ ਟਾਪੂ ਦੀ ਉਸਾਰੀ ਕਰ ਸਕਦਾ ਹੈ।  ਇਹ ਬੇੜਾ ਸਮੁੰਦਰ ਅੰਦਰ 115 ਫੁੱਟ ਤਕ ਦੀ ਡੂੰਘਾਈ 'ਚ ਖੁਦਾਈ ਕਰ ਸਕਦਾ ਹੈ।
'ਮੈਜਿਕ ਆਈਲੈਂਡ ਮੇਕਰ' ਦੇ ਨਾਂ ਨਾਲ ਵਰਨਣ ਕਰਦੇ ਹੋਏ ਅਖਬਾਰ ਨੇ ਕਿਹਾ ਕਿ ਆਉਣ ਵਾਲੇ ਜੂਨ ਮਹੀਨੇ 'ਚ ਇਸ ਜਹਾਜ਼ ਦਾ ਪ੍ਰੀਖਣ ਪੂਰਾ ਹੋ ਜਾਵੇਗਾ। ਚੀਨੀ ਮੀਡੀਆ ਨੇ ਦਾਅਵਾ ਕੀਤਾ ਕਿ ਤਿਆਨਜਿੰਗ  ਬੇੜੇ ਨੇ 2015 'ਚ 18 ਮਹੀਨਿਆਂ ਅੰਦਰ 7 ਬਨਾਉਟੀ ਟਾਪੂਆਂ ਦੀ ਉਸਾਰੀ ਕੀਤੀ ਸੀ। ਤਿਆਨਜਿੰਗ ਦੀ ਤੁਲਨਾ 'ਚ ਤਿਆਨਕੁਨ 1.3 ਗੁਣਾ ਜ਼ਿਆਦਾ ਸਮਰੱਥ ਹੈ, ਭਾਵ ਇਹ ਇਕ ਸਾਲ 'ਚ 9 ਬਨਾਉਟੀ ਟਾਪੂਆਂ ਦੀ ਉਸਾਰੀ ਕਰ ਸਕਦਾ ਹੈ।


Related News