ਚੀਨ ਨੇ ਅਮਰੀਕਾ ਦੀ ਤਰਜ 'ਤੇ ਆਪਣੀ ਫੌਜ ਲਈ ਬਣਾਈ ਵੱਡੀ ਯੋਜਨਾ

11/03/2020 12:06:44 AM

ਬੀਜਿੰਗ (ਇੰਟ.)-ਕਮਿਊਨਿਸਟ ਪਾਰਟੀ ਆਫ ਚਾਈਨਾ (CPC)  ਦਾ ਹਾਲ ਹੀ ਵਿੱਚ ਸੰਪੰਨ ਇੱਕ ਮਹੱਤਵਪੂਰਣ ਸੰਮੇਲਨ 'ਚ ਅਮਰੀਕਾ ਦੀ ਤਰਜ 'ਤੇ 2027 ਤੱਕ ਪੂਰੀ ਤਰ੍ਹਾਂ ਆਧੁਨਿਕ ਫੌਜ ਦੀ ਉਸਾਰੀ ਦੀ ਯੋਜਨਾ ਨੂੰ ਅੰਤਮ ਰੂਪ ਦਿੱਤਾ ਗਿਆ। ਸਰਕਾਰੀ ਗਲੋਬਲ ਟਾਈਮਜ਼ ਨੇ ਸ਼ਨੀਵਾਰ ਨੂੰ ਚੀਨੀ ਵਿਸ਼ਲੇਸ਼ਕਾਂ ਦੇ ਹਵਾਲੇ ਤੋਂ ਕਿਹਾ ਕਿ ਪੀਪਲਜ਼ ਲਿਬਰੇਸ਼ਨ ਆਰਮੀ (PLA) ਦੀ ਸਥਾਪਨਾ ਦੇ 100 ਸਾਲ 2027 ਵਿੱਚ ਪੂਰੇ ਹੋਣਗੇ ਅਤੇ ਚੀਨ ਉਦੋਂ ਤੱਕ ਪੂਰੀ ਤਰ੍ਹਾਂ ਆਧੁਨਿਕ ਫੌਜ ਦੀ ਉਸਾਰੀ ਕਰ ਲਵੇਗਾ। ਇਹ ਟੀਚਾ ਰਾਸ਼ਟਰੀ ਸਮਰੱਥਾ ਦੇ ਬਰਾਬਰ ਹੈ ਅਤੇ ਭਵਿੱਖ ਦੀਆਂ ਰਾਸ਼ਟਰੀ ਰੱਖਿਆ ਲੋੜਾਂ ਨੂੰ ਪੂਰਾ ਕਰੇਗਾ।

ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਧਾਨਗੀ ਵਿਚ ਸੱਤਾਧਾਰੀ ਸੀ.ਪੀ.ਸੀ. ਦੇ ਪੂਰਨ ਸੈਸ਼ਨ ਵਿਚ ਰਾਸ਼ਟਰੀ ਆਰਥਿਕ ਅਤੇ ਸਮਾਜਿਕ ਵਿਕਾਸ ਲਈ 14ਵੀਂ ਪੰਜ ਸਾਲਾ ਯੋਜਨਾ (2021-25) ਅਤੇ 2035 ਤੱਕ ਦੇ ਲੰਬੇ ਸਮੇਂ ਦੇ ਟੀਚਿਆਂ ਨੂੰ ਤੈਅ ਕਰਨ ਦੇ ਉਨ੍ਹਾਂ ਦੇ ਪ੍ਰਸਤਾਵਾਂ ਨੂੰ ਅਪਣਾਇਆ ਗਿਆ। 14ਵੀਂ ਪੰਜ ਸਾਲਾ ਯੋਜਨਾ ਵਿਚ ਚੀਨ ਦੀ ਨਿਰਭਰਤਾ ਸੁੰਗੜਦੇ ਬਰਾਮਦਗੀ ਬਾਜ਼ਾਰ 'ਤੇ ਘੱਟ ਕਰਨ ਦੇ ਲਿਹਾਜ਼ ਨਾਲ ਖਪਤ ਵਧਾਉਣ ਲਈ ਦੇਸ਼ ਦੇ ਘਰੇਲੂ ਬਾਜ਼ਾਰ ਨੂੰ ਦਰੁਸਤ ਕਰਨ ਦਾ ਟੀਚਾ ਹੈ, ਉਥੇ ਹੀ 2035 ਦੇ ਦ੍ਰਿਸ਼ਟੀਕੋਣ ਵਿਚ ਫੌਜ ਸਣੇ ਦੇਸ਼ ਦੇ ਵਿਕਾਸ ਦਾ ਖਾਕਾ ਹੈ। ਰਾਜਨੀਤਕ ਤੌਰ 'ਤੇ ਸ਼ੀ ਦੇ ਇਸ ਦ੍ਰਿਸ਼ਟੀਕੋਣ ਨਾਲ ਇਨ੍ਹਾਂ ਰੁਕਾਵਟਾਂ ਨੂੰ ਜ਼ੋਰ ਮਿਲਿਆ ਹੈ ਕਿ ਉਹ ਅਗਲੇ 15 ਸਾਲ ਸੱਤਾ ਵਿਚ ਬਣੇ ਰਹਿ ਸਕਦੇ ਹਨ। ਮਾਓ ਜੇਦਾਂਗ ਤੋਂ ਬਾਅਦ ਸ਼ੀ (67) ਸੀ.ਪੀ.ਸੀ. ਦੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਨੇਤਾ ਬਣ ਕੇ ਉਭਰੇ ਹਨ।

ਸੀ.ਪੀ.ਸੀ. ਦੀ ਕੇਂਦਰੀ ਕਮੇਟੀ ਦੇ ਚਾਰ ਦਿਨ ਤੱਕ ਚੱਲੇ ਪੰਜਵੇਂ ਪੂਰਨ ਸੈਸ਼ਨ ਦੀ ਵੀਰਵਾਰ ਨੂੰ ਜਾਰੀ ਨੋਟਿਸ ਮੁਤਾਬਕ ਦੇਸ਼ ਦੀ ਰਾਸ਼ਟਰੀ ਰੱਖਿਆ ਸਮੱਰਥਾਵਾਂ ਅਤੇ ਆਰਥਿਕ ਤਾਕਤ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਅਤੇ 2027 ਤੱਕ ਇਕ ਆਧੁਨਿਕ ਫੌਜ ਦੇ ਨਿਰਮਾਣ ਦੇ ਸ਼ਤਾਬਦੀ ਟੀਚੇ ਤੱਕ ਪਹੁੰਚਣਾ ਚਾਹੀਦਾ ਹੈ। ਹਾਂਗਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਅਖਬਾਰ ਨੇ ਲਿਖਿਆ ਕਿ ਸ਼ੀ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਪੀ.ਐੱਲ. ਏ. ਨੂੰ 2027 ਤੱਕ ਆਧੁਨਿਕ ਫੌਜੀ ਤਾਕਤ ਬਣਾਉਣ ਦਾ ਨਵਾਂ ਟੀਚਾ ਤੈਅ ਕੀਤਾ ਗਿਆ ਹੈ, ਉਦੋਂ ਤੱਕ ਚੀਨ ਦੀ ਫੌਜ ਨੂੰ ਅਮਰੀਕਾ ਦੀ ਤਰਜ਼ 'ਤੇ ਤਿਆਰ ਕੀਤਾ ਜਾਵੇਗਾ। 


Sunny Mehra

Content Editor

Related News