ਅਫਰੀਕਾ ’ਚ ਸ਼ੀਸ਼ਮ ਦੇ ਜੰਗਲ ‘ਲੁੱਟ’ ਅੱਤਵਾਦੀਆਂ ਨੂੰ ਪੈਸਾ ਦੇ ਰਿਹੈ ਚੀਨ
Tuesday, Sep 08, 2020 - 09:07 AM (IST)
ਲੰਡਨ (ਏ. ਐੱਨ. ਆਈ.)- ਇਕ ਤਾਜ਼ਾ ਰਿਪੋਰਟ ’ਚ ਡ੍ਰੈਗਨ ਦੇ ਇਕ ਹੋਰ ਕਾਲੇ ਕਾਰਨਾਮੇ ਦਾ ਖੁਲਾਸਾ ਹੋਇਆ ਹੈ। ਅਫਰੀਕਾ ਦੇ ਜੰਗਲਾਂ ’ਚ ਅੰਨ੍ਹੇਵਾਹ ਲੁੱਟ ਰਾਹੀਂ ਇਕ ਪਾਸੇ ਜਿਥੇ ਉਸਨੇ ਸ਼ੀਸ਼ਮ ਦੀ ਇਕ ਨਸਲ ਨੂੰ ਖਤਮ ਹੋਣ ਕੰਢੇ ਪਹੁੰਚਾ ਦਿੱਤਾ ਹੈ ਤਾਂ ਦੂਸਰੇ ਪਾਸੇ ਇਕ ਨਾਜਾਇਜ਼ ਕਾਰੋਬਾਰ ਰਾਹੀਂ ਉਹ ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਕਰ ਰਿਹਾ ਹੈ। ਬ੍ਰਿਟੇਨ ਦੇ ਅਖਬਾਰ ਨੇ ਇਕ ਰਿਪੋਰਟ ’ਚ ਮਾਹਰਾਂ ਅਤੇ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।
ਰਿਪਰੋਟ ’ਚ ਕਿਹਾ ਗਿਆ ਹੈ ਕਿ ਇਕ ਪਾਸੇ ਉਸ ਨੇ ਆਪਣੇ ਦੇਸ਼ ’ਚ ਲੱਕੜਾਂ ਦੀ ਕਟਾਈ ਅਤੇ ਅੱਤਵਾਦੀ ਸੰਗਠਨਾਂ ’ਤੇ ਸਖ਼ਤ ਪਾਬੰਦੀ ਲਗਾ ਰੱਖੀ ਹੈ ਤਾਂ ਦੂਸਰੇ ਪਾਸੇ ਉਹ ਨਾਜਾਇਜ਼ ਕਟਾਈ ਰਾਹੀਂ ਦੂਸਰੇ ਦੇਸ਼ਾਂ ’ਚ ਅੱਤਵਾਦੀ ਸੰਗਠਨਾਂ ਦੀ ਮਦਦ ਕਰ ਰਿਹਾ ਹੈ। ਇਕ ਅਧਿਕਾਰਕ ਅਨੁਮਾਨ ਮੁਤਾਬਕ ਚੀਨ ਅਫਰੀਕਾ ਤੋਂ ਸਾਲਾਨਾ 2.2 ਅਰਬ ਡਾਲਰ ਦੀਆਂ ਲੱਕੜਾਂ ਦੀ ਦਰਾਮਦ ਕਰਦਾ ਹੈ ਪਰ ਨਾਜਾਇਜ਼ ਕਟਾਈ ਕਾਰਣ ਇਹ 17 ਅਰਬ ਡਾਲਰ ਤੱਕ ਹੋ ਸਕਦਾ ਹੈ।