ਚੀਨ ''ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 300 ਤੋਂ ਪਾਰ

Tuesday, Aug 03, 2021 - 11:10 AM (IST)

ਚੀਨ ''ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 300 ਤੋਂ ਪਾਰ

ਬੀਜਿੰਗ (ਭਾਸ਼ਾ) - ਮੱਧ ਚੀਨ ਦੇ ਹੇਨਾਨ ਸੂਬੇ ਵਿਚ ਇਕ ਹਜ਼ਾਰ ਸਾਲਾਂ ਦੇ ਮੋਹਲੇਧਾਰ ਮੀਂਹ ਕਾਰਨ ਪਿਛਲੇ ਮਹੀਨੇ ਆਏ ਅਚਾਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਪਿਛਲੇ ਅਧਿਕਾਰਤ ਅੰਕੜਿਆਂ ਦੀ ਤੁਲਣਾ ਵਿਚ 3 ਗੁਣਾ ਜ਼ਿਆਦਾ ਹੋ ਗਈ ਹੈ। ਚੀਨੀ ਸਰਕਾਰ ਨੇ ਸੋਮਵਾਰ ਨੂੰ ਆਫ਼ਤ ਨਾਲ ਨਜਿੱਠਣ ਦੇ ਤਰੀਕਿਆਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸਰਕਾਰੀ ਨਿਊਜ਼ ਏਜੰਸੀ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਹੈਨਾਨ ਸੂਬੇ ਦੀ ਰਾਜਧਾਨੀ ਝੇਂਗਝੂ ਸਭ ਤੋਂ ਵੱਧ ਪ੍ਰਭਾਵਿਤ ਹੋਈ, ਇੱਥੇ ਕੁੱਲ 292 ਮੌਤਾਂ ਦੀ ਪੁਸ਼ਟੀ ਹੋਈ ਅਤੇ 47 ਅਜੇ ਵੀ ਲਾਪਤਾ ਹਨ। ਸੂਬਾਈ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 99 ਦੱਸੀ, ਜੋ ਵੱਧ ਕੇ 302 ਹੋ ਗਈ ਹੈ, ਜਦੋਂ ਕਿ 50 ਹੋਰ ਅਜੇ ਵੀ ਲਾਪਤਾ ਹਨ।

ਮੋਹਲੇਧਾਰ ਮੀਂਹ ਕਾਰਨ 150 ਕਾਉਂਟੀ ਪੱਧਰ ਦੇ ਇਲਾਕਿਆਂ ਵਿਚ 1 ਕਰੋੜ 45 ਲੱਖ 30 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ। ਖ਼ਬਰਾਂ ਵਿਚ ਕਿਹਾ ਗਿਆ ਹੈ ਕਿ 1 ਲੱਖ 90 ਹਜ਼ਾਰ ਹੈਕਟੇਅਰ ਤੋਂ ਵੱਧ ਫਸਲਾਂ ਨੁਕਸਾਨੀਆਂ ਗਈਆਂ ਅਤੇ ਪੂਰੇ ਸੂਬੇ ਵਿਚ 30,600 ਤੋਂ ਵੱਧ ਘਰ ਢਹਿ ਗਏ ਹਨ। ਹੈਨਾਨ ਵਿਚ 16 ਜੁਲਾਈ ਤੋਂ ਰਿਕਾਰਡ ਮੀਂਹ ਪਿਆ ਹੈ। ਝੇਂਗਝੂ ਵਿਚ, ਤਿੰਨ ਦਿਨਾਂ ਵਿਚ 617.1 ਮਿਲੀਮੀਟਰ ਮੀਂਹ ਪਿਆ, ਜੋ ਕਿ ਸ਼ਹਿਰ ਦਾ ਔਸਤ ਸਾਲਾਨਾ ਮੀਂਹ ਹੈ। ਸ਼ਹਿਰ ਵਿਚ 201.9 ਮਿਲੀਮੀਟਰ ਪ੍ਰਤੀ ਘੰਟਾ ਦੀ ਰਿਕਾਰਡ ਬਾਰਿਸ਼ ਦਰ ਵੀ ਦਰਜ ਕੀਤੀ ਗਈ। ਖੇਤਰ ਵਿਚ ਸਭ ਤੋਂ ਭਿਆਨਕ ਹੜ੍ਹ ਤੋਂ ਬਾਅਦ, ਸਥਾਨਕ ਸਰਕਾਰ ਨੂੰ ਹੜ੍ਹ ਕਾਰਨ ਹੋਏ ਨੁਕਸਾਨ ਅਤੇ ਜਾਨ-ਮਾਲ ਦੇ ਨੁਕਸਾਨ ਬਾਰੇ ਪਾਰਦਰਸ਼ੀ ਨਾ ਹੋਣ ਕਾਰਨ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਮੌਤਾਂ ਦੀ ਗਿਣਤੀ ਵਧਣ ਦੇ ਨਾਲ, ਰਾਜ ਪ੍ਰੀਸ਼ਦ (ਚੀਨ ਦੀ ਕੈਬਨਿਟ) ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਝੇਂਗਝੂ ਵਿਚ ਵਿਨਾਸ਼ਕਾਰੀ ਹੜ੍ਹ ਨਾਲ ਨਜਿੱਠਣ ਦੇ ਮੁਲਾਂਕਣ ਕਰਨ ਲਈ ਇਕ ਜਾਂਚ ਟੀਮ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ।

ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਟੀਮ ਦੀ ਅਗਵਾਈ ਐਮਰਜੈਂਸੀ ਪ੍ਰਬੰਧਨ ਮੰਤਰਾਲਾ ਕਰੇਗਾ ਅਤੇ ਇਸ ਵਿਚ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਮਾਹਰ ਸ਼ਾਮਲ ਹੋਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਝੇਂਗਝੂ ਹੜ੍ਹ ਦੌਰਾਨ ਆਪਣੇ ਫਰਜ਼ਾਂ ਦੀ ਉਲੰਘਣਾ ਕਰਦੇ ਪਾਏ ਗਏ ਹਨ, ਉਨ੍ਹਾਂ ਨੂੰ ਕਾਨੂੰਨ ਅਤੇ ਨਿਯਮਾਂ ਅਨੁਸਾਰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਨੇ ਕਿਹਾ ਕਿ ਇਹ 1,000 ਸਾਲਾਂ ਵਿਚ ਸਭ ਤੋਂ ਭਿਆਨਕ ਮੀਂਹ ਸੀ।


author

cherry

Content Editor

Related News