ਜੇਲ ''ਚ ਬੰਦ ਵਕੀਲਾਂ ''ਤੇ ਸ਼ੋਧ ਕਰ ਰਹੇ ਜਰਮਨ ਵਿਦਿਆਰਥੀ ਨੂੰ ਚੀਨ ਨੇ ਕੱਢਿਆ

Sunday, Aug 12, 2018 - 07:52 PM (IST)

ਬੀਜਿੰਗ— ਚੀਨ 'ਚ ਪੱਤਰਕਾਰੀ ਦੀ ਪੜ੍ਹਾਈ ਕਰ ਰਹੇ ਜਰਮਨ ਵਿਦਿਆਰਥੀ ਡੇਵਿਡ ਮਿਸਾਲ ਨੂੰ ਜੇਲ 'ਚ ਬੰਦ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਵਕੀਲਾਂ ਦੀ ਹਾਲਤ 'ਤੇ ਸ਼ੋਧ ਕਰਨਾ ਮਹਿੰਗਾ ਪੈ ਗਿਆ। ਇਸ ਗੱਲ ਤੋਂ ਨਾਰਾਜ਼ ਚੀਨੀ ਪ੍ਰਸ਼ਾਸਨ ਨੇ ਡੇਵਿਡ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ। 24 ਸਾਲਾ ਡੇਵਿਡ ਬੀਜਿੰਗ ਸਥਿਤ ਮਸ਼ਹੂਰ ਸਿੰਗੁਆ ਯੂਨੀਵਰਸਿਟੀ ਤੋਂ ਪੱਤਰਕਾਰੀ 'ਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਿਹਾ ਹੈ। ਆਪਣੇ ਇਕ ਪ੍ਰੋਜੈਕਟ ਦੇ ਤਹਿਤ ਉਹ ਜੇਲ 'ਚ ਬੰਦ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਵਕੀਲਾਂ 'ਤੇ ਸ਼ੋਧ ਕਰ ਰਿਹਾ ਸੀ ਪਰ ਜਦੋਂ ਸਿੰਗੁਆ ਯੂਨੀਵਰਸਿਟੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਦੇ ਨੁਮਾਇੰਦੇ ਨੇ ਇਸ ਨੂੰ ਸੰਵੇਦਨਸ਼ੀਲ ਸਿਆਸੀ ਮੁੱਦਾ ਦੱਸ ਕੇ ਦੋ ਵਾਰ ਇਸ ਸ਼ੋਧ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ।
ਡੇਵਿਡ ਨੇ ਕਿਹਾ, 'ਇਸ ਤੋਂ ਬਾਅਦ ਵੀ ਮੈਂ ਸ਼ੋਧ ਜਾਰੀ ਰੱਖੀ ਕਿਉਂਕਿ ਮੈਂ ਚੀਨੀ ਸਮਾਜ ਤੇ ਰਾਜਨੀਤੀ ਨੂੰ ਸਮਝਣਾ ਚਾਹੁੰਦਾ ਸੀ।' ਜ਼ਿਕਰਯੋਗ ਹੈ ਕਿ ਚੀਨ ਨੇ 9 ਜੁਲਾਈ 2015 ਨੂੰ ਦੇਸ਼ ਭਰ 'ਚ 300 ਮਨੁੱਖੀ ਅਧਿਕਾਰ ਵਕੀਲਾਂ ਤੇ ਵਰਕਰਾਂ ਨੂੰ ਜੇਲ 'ਚ ਭੇਜ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਸਰਕਾਰ ਖਿਲਾਫ ਆਵਾਜ਼ ਚੁੱਕੀ ਸੀ। ਯੂਨੀਵਰਸਿਟੀ ਨੇ ਡੇਵਿਡ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤੇ ਜਾਣ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।


Related News