ਚੀਨ ਨੇ ਬ੍ਰਿਟੇਨ, ਕੈਨੇਡਾ ਦੇ ਓਲੰਪਿਕ ਬਾਈਕਾਟ ਦੇ ਫ਼ੈਸਲੇ ਨੂੰ ‘ਤਮਾਸ਼ਾ’ ਕਹਿ ਕੇ ਕੀਤਾ ਰੱਦ
Friday, Dec 10, 2021 - 01:29 PM (IST)
ਬੀਜਿੰਗ (ਭਾਸ਼ਾ) : ਚੀਨ ਨੇ ਬੀਜਿੰਗ ਸਰਦ ਰੁੱਤ ਓਲੰਪਿਕ ਖੇਡਾਂ 2022 ਦੇ ਡਿਪਲੋਮੈਟਿਕ ਬਾਈਕਾਟ ਵਿਚ ਅਮਰੀਕਾ ਦਾ ਸਾਥ ਦੇਣ ਦੇ ਕੈਨੇਡਾ ਅਤੇ ਬ੍ਰਿਟੇਨ ਦੇ ਫ਼ੈਸਲੇ ਨੂੰ ‘ਤਮਾਸ਼ਾ’ ਕਹਿ ਕੇ ਰੱਦ ਕਰ ਦਿੱਤਾ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਰੋਜ਼ਾਨਾ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਚੀਨ ਇਨ੍ਹਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਗੈਰ-ਮੌਜੂਦਗੀ ’ਤੇ ਹੋਣ ਵਾਲੀਆਂ ਪ੍ਰਤੀਕਿਰਿਆਵਾਂ ਨੂੰ ਲੈ ਕੇ ਵੀ ਪਰੇਸ਼ਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਦ ਰੁੱਤ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਹਿੱਸਾ ਲੈਣ ਲਈ ਕਈ ਰਾਜਾਂ ਦੇ ਮੁਖੀਆਂ, ਚੋਟੀ ਦੇ ਨੇਤਾਵਾਂ ਅਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਰਜਿਸਟਰੇਸ਼ਨ ਕਰਾਈ ਹੈ।
ਇਹ ਵੀ ਪੜ੍ਹੋ : ਹੁਣ ਕੈਨੇਡਾ ਅਤੇ ਬ੍ਰਿਟੇਨ ਨੇ ਵੀ ਕੀਤਾ ਬੀਜਿੰਗ ਓਲਪਿੰਕ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ
ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਨੇ ਕਿਹਾ ਕਿ ਚੀਨ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਵਿਰੋਧ ਵਿਚ ਉਹ 4 ਤੋਂ 20 ਫਰਵਰੀ ਦਰਮਿਆਨ ਹੋਣ ਵਾਲੀਆਂ ਸਰਦ ਰੁੱਤ ਖੇਡਾਂ ਵਿਚ ਆਪਣੇ ਸਰਕਾਰੀ ਪ੍ਰਤੀਨਿਧੀ ਨਹੀਂ ਭੇਜਣਗੇ, ਜਦੋਂ ਕਿ ਨਿਊਜ਼ੀਲੈਂਡ ਪਹਿਲਾਂ ਹੀ ਚੀਨ ਨੂੰ ਸੂਚਿਤ ਕਰ ਚੁੱਕਾ ਸੀ ਕਿ ਮਹਾਮਾਰੀ ਨਾਲ ਜੁੜੀਆਂ ਯਾਤਰਾ ਪਾਬੰਦੀਆਂ ਨੂੰ ਦੇਖਦੇ ਹੋਏ ਉਹ ਆਪਣੇ ਕਿਸੇ ਅਧਿਕਾਰੀ ਨੂੰ ਨਹੀਂ ਭੇਜੇਗਾ। ਉਸ ਨੇ ਹਾਲਾਂਕਿ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਵੀ ਜ਼ਾਹਰ ਕੀਤਾ ਸੀ। ਡਿਪਲੋਮੈਟਿਕ ਬਾਈਕਾਟ ਦੇ ਅਧੀਨ ਸਿਰਫ਼ ਸਰਕਾਰੀ ਅਧਿਕਾਰੀ ਖੇਡਾਂ ਨਾਲ ਜੁੜੇ ਪ੍ਰੋਗਰਾਮਾਂ ਵਿਚ ਹਿੱਸਾ ਨਹੀਂ ਲੈਂਦੇ ਹਨ ਅਤੇ ਦੇਸ਼ ਆਪਣੀ ਟੀਮ ਨੂੰ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਭੇਜਦੇ ਹਨ।
ਵਾਂਗ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਨੂੰ ਸੱਦਾ ਨਹੀਂ ਭੇਜੇਗਾ। ਉਨ੍ਹਾਂ ਕਿਹਾ, ‘ਉਨ੍ਹਾਂ ਦੇ ਅਧਿਕਾਰੀ ਆ ਰਹੇ ਹਨ ਜਾਂ ਨਹੀਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਖੇਡਾਂ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਉਹ ਦੇਸ਼ ਹਨ, ਜਿਨ੍ਹਾਂ ਨੇ ਇਹ ਤਮਾਸ਼ਾ ਖੜ੍ਹਾ ਕੀਤਾ ਹੈ।’ ਚੀਨ ਨੂੰ ਉਮੀਦ ਹੈ ਕਿ ਹੋਰ ਦੇਸ਼ ਉਨ੍ਹਾਂ ਦੀ ਪਾਲਣਾ ਨਹੀਂ ਕਰਨਗੇ ਅਤੇ ਖੇਡਾਂ ਨੂੰ ਵਿਸ਼ਵ ਪੱਧਰ ’ਤੇ ਸਮਰਥਨ ਮਿਲੇਗਾ। ਵਾਂਗ ਨੇ ਕਿਹਾ, ‘ਹੁਣ ਤੱਕ ਕਈ ਰਾਜਾਂ ਦੇ ਮੁਖੀਆਂ, ਸਰਕਾਰੀ ਨੇਤਾਵਾਂ ਅਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਬੀਜਿੰਗ ਸ਼ੀਤਕਾਲੀਨ ਓਲੰਪਿਕ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਾਈ ਹੈ ਅਤੇ ਅਸੀਂ ਉਨ੍ਹਾਂ ਦਾ ਸਵਾਗਤ ਕਰੇ ਹਾਂ।’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।