ਕੈਨੇਡਾ ਹੁਵੇਈ ਦੀ ਸੀ.ਈ.ਓ. ਮੇਂਗ ਵਾਂਝਾਊ ਨੂੰ ਰਿਹਾਅ ਕਰੇ : ਚੀਨ
Saturday, Aug 24, 2019 - 04:10 PM (IST)

ਓਟਾਵਾ (ਏਜੰਸੀ)- ਚੀਨ ਨੇ ਕੈਨੇਡਾ ਅਤੇ ਅਮਰੀਕਾ ਤੋਂ ਆਪਣੇ ਦੇਸ਼ ਦੀ ਤਕਨੀਕੀ ਕੰਪਨੀ ਹੁਵੇਈ ਦੇ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਝਾਊ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਕੈਨੇਡਾ ਵਿਚ ਚੀਨ ਦੇ ਸਫਾਰਤਖਾਨੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤੀ ਗਈ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਝਾਊ ਨੂੰ ਬਿਨਾਂ ਦੇਰੀ ਦੇ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਅਤ ਵਤਨ ਵਾਪਸੀ ਯਕੀਨੀ ਕਰਵਾਈ ਜਾਵੇ। ਬੁਲਾਰੇ ਨੇ ਕਿਹਾ ਕਿ ਮੇਂਗ ਵਾਂਝਾਊ ਘਟਨਾ ਸਿਰਫ ਇਕ ਨਿਆਇਕ ਮਾਮਲਾ ਹੈ, ਅਮਰੀਕਾ ਕੁਝ ਸਹਿਯੋਗੀਆਂ ਨਾਲ ਮਿਲ ਕੇ ਆਪਣੀਆਂ ਸ਼ਕਤੀਆਂ ਦਾ ਚੀਨ ਦੇ ਉੱਚ ਤਕਨੀਕੀ ਨਿੱਜੀ ਉੱਦਮ ਦਾ ਨਿਰਾਧਾਰ ਦੋਸ਼ਾਂ ਰਾਹੀਂ ਦਮਨ ਕਰਨਾ ਚਾਹੁੰਦਾ ਹੈ। ਇਹ ਇਕ ਤਰ੍ਹਾਂ ਦੀ ਦਾਦਾਗਿਰੀ ਹੈ।
ਬੁਲਾਰੇ ਨੇ ਕਿਹਾ ਕਿ ਚੀਨ ਦੇ ਅਧਿਕਾਰੀਆਂ ਵਲੋਂ ਕੈਨੇਡਾ ਦੇ ਦੋ ਅਧਿਕਾਰੀਆਂ ਮਾਈਕਲ ਕੋਵਰਿੰਗ ਅਤੇ ਮਾਈਕਲ ਸਪੇਵੋਰ ਦੀ ਗ੍ਰਿਫਤਾਰੀ ਪੂਰੀ ਤਰ੍ਹਾਂ ਵੱਖਰੀ ਹੈ। ਕੈਨੇਡਾ ਦੇ ਇਨ੍ਹਾਂ ਦੋਹਾਂ ਨਾਗਰਿਕਾਂ ਨੂੰ ਚੀਨ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਚੀਨ ਦੇ ਬੁਲਾਰੇ ਨੇ ਕਿਹਾ ਕਿ ਚੀਨ ਇਕ ਕਾਨੂੰਨ ਨਾਲ ਜੁੜਿਆ ਹੋਇਆ ਦੇਸ਼ ਹੈ। ਇਥੋਂ ਦੇ ਨਿਆਇਕ ਅਧਿਕਾਰੀ ਕਾਨੂੰਨ ਮੁਤਾਬਕ ਮਾਮਲਿਆਂ ਦਾ ਸੁਤੰਤਰ ਤਰੀਕੇ ਨਾਲ ਨਿਪਟਾਰਾ ਕਰਦੇ ਹਨ। ਸਾਰੇ ਦੇਸ਼ਾਂ ਨੂੰ ਚੀਨ ਦੀ ਨਿਆਇਕ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਚੀਨ ਦੀ ਨਿਆਇਕ ਪ੍ਰਭੂਸੱਤਾ ਦੇ ਤਹਿਤ ਆਉਣ ਵਾਲੇ ਮਾਮਲਿਆਂ ਨੂੰ ਲੈ ਕੇ ਚੀਨ ਦੀ ਤੁਰੰਤ ਆਲੋਚਨਾ ਨਹੀਂ ਕਰਨੀ ਚਾਹੀਦੀ। ਮੇਂਗ ਨੂੰ ਇਕ ਦਸੰਬਰ 2018 ਨੂੰ ਅਮਰੀਕਾ ਦੀ ਅਪੀਲ 'ਤੇ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਮੇਂਗ ਦਾ ਧੋਖਾਧੜੀ ਦੇ ਮਾਮਲਿਆਂ ਨੂੰ ਹਵਾਲਗੀ ਦੀ ਮੰਗ ਕਰ ਰਿਹਾ ਹੈ। ਮੇਂਗ ਅਤੇ ਹੁਵੇਈ ਨੇ ਕਿਸੇ ਤਰ੍ਹਾਂ ਦਾ ਗਲਤ ਕੰਮ ਕੀਤੇ ਜਾਣ ਤੋਂ ਵਾਰ-ਵਾਰ ਇਨਕਾਰ ਕੀਤਾ ਹੈ।