ਬੀਜਿੰਗ-ਓਟਾਵਾ 'ਚ ਖੜਕੀ, ਚੀਨ ਦੀ ਕੈਨੇਡਾ ਨੂੰ ਨਤੀਜੇ ਭੁਗਤਣ ਦੀ ਧਮਕੀ

07/06/2020 10:46:08 PM

ਬੀਜਿੰਗ/ਓਟਾਵਾ— ਹਾਂਗਕਾਂਗ 'ਚ ਚੀਨ ਵੱਲੋਂ ਵਿਵਾਦਤ ਕਾਨੂੰਨ ਲਾਗੂ ਕੀਤੇ ਜਾਣ ਪਿੱਛੋਂ ਓਟਾਵਾ ਤੇ ਬੀਜਿੰਗ 'ਚ ਹੋਰ ਖੜਕ ਗਈ ਹੈ। ਬੀਜਿੰਗ ਤੇ ਓਟਾਵਾ ਦਰਮਿਆਨ ਵਧ ਰਹੇ ਤਣਾਅ ਵਿਚਕਾਰ ਸੋਮਵਾਰ ਨੂੰ ਚੀਨ ਨੇ ਕੈਨੇਡਾ ਜਾ ਰਹੇ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਚਿਤਾਵਨੀ ਜਾਰੀ ਕੀਤੀ ਹੈ। ਚੀਨ ਨੇ ਕਿਹਾ ਕਿ ਹਾਂਗਕਾਂਗ 'ਚ ਰਾਸ਼ਟਰੀ ਸੁਰੱਖਿਆ ਕਾਨੂੰਨ ਬਾਰੇ ਓਟਾਵਾ ਦੀ ਪ੍ਰਤੀਕਿਰਿਆ ਨਾਲ ਦੁਵੱਲੇ ਸਬੰਧ ਹੋਰ ਵਿਗੜ ਸਕਦੇ ਹਨ।

 

ਗੌਰਤਲਬ ਹੈ ਕਿ ਪਿਛਲੇ ਹਫਤੇ ਬੀਜਿੰਗ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਹੈ, ਜਿਸ 'ਚ ਹਾਂਗਕਾਂਗ 'ਚ ਲੋਕਤੰਤਰ ਪੱਖੀ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਂਗਕਾਂਗ 'ਤੇ ਚੀਨ ਵੱਲੋਂ ਇਹ ਕਾਨੂੰਨ ਥੋਪੇ ਜਾਣ ਦੇ ਜਵਾਬ 'ਚ ਕੈਨੇਡਾ ਨੇ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਐਲਾਨ ਸੀ ਕਿ ਕੈਨੇਡਾ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਰਿਹਾ ਹੈ। ਬੀਜਿੰਗ ਦੀ ਇਸ ਕਾਨੂੰਨ ਜ਼ਰੀਏ ਹਾਂਗਕਾਂਗ 'ਤੇ ਪਕੜ ਹੋਣ ਕਾਰਨ ਹਾਂਗਕਾਂਗ ਨੂੰ ਸੰਵੇਦਨਸ਼ੀਲ ਫੌਜੀ ਸਾਜੋ-ਸਾਮਾਨਾਂ ਦੀ ਬਰਾਮਦ 'ਤੇ ਵੀ ਰੋਕ ਲਾਈ ਜਾਵੇਗੀ। ਕੈਨੇਡਾ ਨੇ ਕਿਹਾ ਕਿ ਚੀਨ 'ਚ ਕੋਈ ਨਿਆਂਇਕ ਸੁਤੰਰਤਾ ਨਹੀਂ ਹੈ ਅਤੇ ਸ਼ਾਸਨ ਦੇ ਨਿਰਦੇਸ਼ਾਂ 'ਤੇ ਦੋਸ਼ ਨਿਰਧਾਰਤ ਅਤੇ ਟ੍ਰਾਇਲ ਹੁੰਦੇ ਹਨ। ਇਸ ਲਈ ਹਵਾਲਗੀ ਸੰਧੀ ਨੂੰ ਰੱਦ ਕਰਨਾ ਪੈ ਰਿਹਾ ਹੈ।

ਇਸ ਦੇ ਜਵਾਬ 'ਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਕਿਹਾ, ''ਬੀਜਿੰਗ ਕੈਨੇਡਾ ਦੇ ਇਸ ਕਦਮ ਦੀ ਸਖਤ ਨਿੰਦਾ ਕਰਦਾ ਹੈ ਅਤੇ ਪ੍ਰਤੀਕਿਰਿਆ ਦੇਣ ਦਾ ਅਧਿਕਾਰ ਰੱਖਦਾ ਹੈ।'' ਉਨ੍ਹਾਂ ਧਮਕੀ ਦਿੱਤੀ ਕਿ ਕੈਨੇਡਾ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਚੀਨ 'ਤੇ ਦਬਾਅ ਬਣਾਉਣ ਦੀ ਕੋਈ ਵੀ ਕੋਸ਼ਿਸ਼ ਕਦੇ ਸਫਲ ਨਹੀਂ ਹੋਵੇਗੀ। ਚੀਨ ਨੇ ਕੈਨੇਡਾ ਨੂੰ ਆਪਣੀਆਂ ਗਲਤੀਆਂ ਨੂੰ ਤੁਰੰਤ ਸੁਧਾਰਣ ਅਤੇ ਹਾਂਗਕਾਂਗ ਦੇ ਮਾਮਲੇ ਅਤੇ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕਰਨ ਦੀ ਗੱਲ ਆਖੀ ਹੈ।
 

ਕੀ ਹੈ ਚੀਨ ਦਾ ਵਿਵਾਦਤ ਕਾਨੂੰਨ-
ਹਾਂਗਕਾਂਗ ਪਹਿਲਾਂ ਬ੍ਰਿਟਿਸ਼ ਕੋਲ ਸੀ, 1997 'ਚ ਉਸ ਨੇ ਇਸ ਨੂੰ ਚੀਨ ਨੂੰ ਇਕ ਦੇਸ਼ ਦੋ ਸਿਸਟਮ ਦੇ ਸਮਝੌਤੇ 'ਤੇ ਦਿੱਤਾ ਸੀ, ਜੋ 50 ਸਾਲ ਯਾਨੀ 2047 ਤੱਕ ਲਾਗੂ ਰਹਿਣਾ ਸੀ। ਇਸ ਤਹਿਤ ਹਾਂਗਕਾਂਗ ਦੇ ਲੋਕਾਂ ਨੂੰ ਵਿਸ਼ੇਸ਼ ਆਜ਼ਾਦੀ ਪ੍ਰਾਪਤ ਸੀ, ਜੋ ਮੁੱਖ ਭੂਮੀ ਚੀਨ 'ਚ ਨਹੀਂ ਹੈ ਪਰ ਚੀਨ ਨੇ ਇਸ ਦੀ ਉਲੰਘਣਾ ਕਰਕੇ ਹਾਂਗਕਾਂਗ 'ਤੇ ਜ਼ਬਰਦਸਤੀ ਖੁਦ ਦਾ ਕਾਨੂੰਨ ਥੋਪ ਦਿੱਤਾ ਹੈ। ਇਸ ਨਵੇਂ ਕਾਨੂੰਨ ਤਹਿਤ ਵੱਖਵਾਦੀ, ਅੱਤਵਾਦ, ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਦੇ ਦੋਸ਼ਾਂ 'ਚ ਉਮਰ ਭਰ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਹ ਹਾਂਗਕਾਂਗ ਦੀ ਹਿਰਾਸਤ 'ਚ ਰੱਖੇ ਕਿਸੇ ਵੀ ਵਿਅਕਤੀ ਨੂੰ ਮੁੱਖ ਭੂਮੀ ਚੀਨ 'ਚ ਹਵਾਲਗੀ ਦੀ ਵੀ ਮਨਜ਼ੂਰੀ ਦਿੰਦਾ ਹੈ।


Sanjeev

Content Editor

Related News