ਚੀਨ ''ਤੇ ਲੱਗਾ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ : ਅਮਰੀਕੀ ਸੰਸਦ ''ਚ ਬਿੱਲ ਪੇਸ਼, ਚੱਲੇਗਾ ਮੁਕੱਦਮਾ

04/17/2020 10:55:15 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਦੋ ਮੈਂਬਰਾਂ ਨੇ ਕਾਂਗਰਸ (ਸੰਸਦ) 'ਚ ਚੀਨ ਖਿਲਾਫ ਇਕ ਬਿੱਲ ਪੇਸ਼ ਕੀਤਾ ਹੈ। ਸੰਸਦ 'ਚ ਇਸ ਬਿੱਲ ਦੇ ਪਾਸ ਹੋਣ ਮਗਰੋਂ ਅਮਰੀਕੀ ਨਾਗਰਿਕ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹੋਈਆਂ ਮੌਤਾਂ, ਬੀਮਾਰੀ ਅਤੇ ਆਰਥਿਕ ਨੁਕਸਾਨ ਬਦਲੇ ਹਰਜਾਨਾ ਹਾਸਲ ਕਰਨ ਲਈ ਫੈਡਰਲ ਅਦਾਲਤ ਵਿਚ ਚੀਨ ਖਿਲਾਫ ਮੁਕੱਦਮਾ ਦਾਖਲ ਕਰ ਸਕਣਗੇ। ਇਸ ਬਿੱਲ ਨੂੰ ਸੈਨੇਟ ਵਿਚ ਟਾਮ ਕਾਟਨ ਅਤੇ ਪ੍ਰਤੀਨਿਧੀ ਸਭਾ ਵਿਚ ਡੈਨ ਕ੍ਰੇਨਸ਼ਾ ਨੇ ਪੇਸ਼ ਕੀਤਾ ਹੈ।

ਬਿੱਲ ਪਾਸ ਹੋਣ ਅਤੇ ਕਾਨੂੰਨ ਬਣਨ 'ਤੇ ਵਿਦੇਸ਼ੀ ਪ੍ਰਭੂਸੱਤਾ ਰੱਖਿਆ ਐਕਟ ਵਿਚ ਸੋਧ ਹੋਵੇਗੀ, ਜਿਸ ਰਾਹੀਂ ਮਹਾਂਮਾਰੀ ਨਾਲ ਸਿੱਝਣ ਵਿਚ ਹੋਏ ਨੁਕਸਾਨ ਲਈ ਚੀਨ 'ਤੇ ਦਾਅਵਾ ਕੀਤਾ ਜਾ ਸਕੇਗਾ। ਯਾਨੀ ਇਹ ਬਿੱਲ ਅਮਰੀਕਾ ਨੂੰ ਚੀਨ 'ਤੇ ਮੁਆਵਜ਼ੇ ਲਈ ਮੁਕੱਦਮਾ ਕਰਨ ਦਾ ਅਧਿਕਾਰ ਪ੍ਰਦਾਨ ਕਰੇਗਾ। ਹਾਲਾਂਕਿ ਬਿੱਲ ਵਿਚ ਪ੍ਰਸਤਾਵ ਦਿੱਤਾ ਗਿਆ ਹੈ ਕਿ ਜੇਕਰ ਅਮਰੀਕਾ ਅਤੇ ਚੀਨ ਇਨ੍ਹਾਂ ਦਾਅਵਿਆਂ ਨਾਲ ਨਜਿੱਠਣ ਲਈ ਸਮਝੌਤੇ ਕਰਦੇ ਹਨ ਤਾਂ ਨਿੱਜੀ ਮੁਕੱਦਮਿਆਂ ਨੂੰ ਰੱਦ ਕੀਤਾ ਜਾ ਸਕਦਾ ਹੈ।

ਅੱਤਵਾਦ ਦੇ ਸਪਾਂਸਰਾਂ ਖਿਲਾਫ ਨਿਆਂ ਕਾਨੂੰਨ 'ਚ ਇਹ ਸਾਫ ਕੀਤਾ ਗਿਆ ਹੈ ਕਿ ਕਿਸੇ ਵਾਇਰਸ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕਰਨ ਜਾਂ ਉਸ ਨੂੰ ਫੈਲਾਉਣ ਨੂੰ ਅੱਤਵਾਦੀ ਗਤੀਵਿਧੀ ਮੰਨਿਆ ਜਾਵੇਗਾ। ਸਾਲ 2016 ਵਿਚ ਪਾਸ ਇਸ ਕਾਨੂੰਨ ਦੀ ਸੈਨੇਟ ਦੇ 97 ਮੈਂਬਰਾਂ ਨੇ ਹਮਾਇਤ ਕੀਤੀ ਸੀ। ਇਹ ਕਾਨੂੰਨ ਵੀ ਅਮਰੀਕਾ ਨੂੰ ਕੋਰੋਨਾ ਵਾਇਰਸ ਕਾਰਨ ਹੋਏ ਨੁਕਸਾਨ ਦੇ ਬਦਲੇ ਚੀਨ ਤੋਂ ਹਰਜਾਨਾ ਵਸੂਲਣ ਦਾ ਅਧਿਕਾਰ ਦਿੰਦਾ ਹੈ।
ਕਾਟਨ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਬਾਰੇ ਦੁਨੀਆ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਡਾਕਟਰਾਂ ਅਤੇ ਪੱਤਰਕਾਰਾਂ ਦੀ ਆਵਾਜ਼ ਨੂੰ ਚੁੱਪ ਕਰਾ ਕੇ ਚੀਨ ਦੀ ਕਮਿਊਨਿਸਟ ਪਾਰਟੀ ਨੇ ਪੂਰੀ ਦੁਨੀਆ ਵਿਚ ਵਾਇਰਸ ਨੂੰ ਤੇਜੀ ਨਾਲ ਫੈਲਣ ਦਿੱਤਾ।

ਵਾਇਰਸ ਨੂੰ ਗੁਪਤ ਰੱਖਣ ਦੇ ਉਨ੍ਹਾਂ ਦੇ ਫੈਸਲੇ ਨਾਲ ਹਜ਼ਾਰਾਂ ਲੋਕਾਂ ਦੀ ਬੇਵਜ੍ਹਾ ਮੌਤ ਹੋਈ ਅਤੇ ਭਾਰੀ ਆਰਥਿਕ ਨੁਕਸਾਨ ਹੋਇਆ। ਇਹ ਸਹੀ ਹੈ ਕਿ ਅਸੀਂ ਇਸ ਨੁਕਸਾਨ ਲਈ ਚੀਨੀ ਸਰਕਾਰ ਨੂੰ ਜਵਾਬਦੇਹ ਦੱਸੀਏ। ਕ੍ਰੇਨਸ਼ਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਚੀਨ ਨੂੰ ਕੋਰੋਨਾ ਵਾਇਰਸ ਨੂੰ ਗੁਪਤ ਰੱਖਣ ਅਤੇ ਪੂਰੀ ਦੁਨੀਆ ਵਿਚ ਫੈਲਣ ਦੇਣ ਲਈ ਉਸ ਦੀ ਬਦਕਿਸਮਤੀ ਝੂਠ ਪ੍ਰਤੀ ਉਸ ਨੂੰ ਜਵਾਬਦੇਹ ਕਰਾਰ ਦਿੱਤਾ ਜਾਵੇ।


Sunny Mehra

Content Editor

Related News