ਚੀਨ ਬਣਿਆ ਮੁਕੰਮਲ ਪੁਲਾੜ ਸਟੇਸ਼ਨ ਵਾਲਾ ਪਹਿਲਾ ਦੇਸ਼, ਜਾਣੋ ਕਿਹੋ-ਜਿਹਾ ਹੈ ‘ਤਿਆਂਗੋਂਗ’

12/11/2022 10:15:55 PM

ਬਲੂਮਿੰਗਟਨ/ਅਮਰੀਕਾ (ਭਾਸ਼ਾ) : ਕੌਮਾਂਤਰੀ ਪੁਲਾੜ ਸਟੇਸ਼ਨ ਹੁਣ ਇਕੋ-ਇਕ ਅਜਿਹੀ ਥਾਂ ਨਹੀਂ ਰਹਿ ਜਾਵੇਗੀ, ਜਿਸ ਵਿੱਚ ਮਨੁੱਖ ਪੰਧ (ਓਰਬਿਟ) ’ਚ ਰਹਿ ਸਕਦੇ ਹਨ। ਇਸ ਸਾਲ 29 ਨਵੰਬਰ ਨੂੰ ਚੀਨ ਦੀ ਗੋਬੀ ਡੈਜ਼ਰਟ ਨਾਂ ਦੀ ਥਾਂ ਤੋਂ ਸ਼ੇਂਜੂ-15 ਮਿਸ਼ਨ ਸ਼ੁਰੂ ਹੋਇਆ ਸੀ, ਜਿਸ ਦੇ ਰਾਹੀਂ 3 ਪੁਲਾੜ ਯਾਤਰੀ ਪੁਲਾੜ ਲਈ ਰਵਾਨਾ ਹੋਏ ਸਨ। 6 ਘੰਟੇ ਬਾਅਦ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਗਏ। ਚੀਨ ਨੇ ਹੁਣੇ ਜਿਹੇ ਆਪਣਾ ਪੁਲਾੜ ਸਟੇਸ਼ਨ ਤਿਆਰ ਕੀਤਾ ਹੈ, ਜਿਸ ਦਾ ਨਾਂ ‘ਤਿਆਂਗੋਂਗ’ ਹੈ।

ਇਹ ਵੀ ਪੜ੍ਹੋ : ਸਕਾਟਲੈਂਡ: ਝੀਲਾਂ, ਤਲਾਬਾਂ ਦੇ ਜੰਮੇ ਪਾਣੀ 'ਤੇ ਨਾ ਤੁਰਨ, ਖੇਡਣ ਸਬੰਧੀ ਪ੍ਰਸ਼ਾਸਨ ਨੇ ਜਾਰੀ ਕੀਤੀ ਇਹ ਚਿਤਾਵਨੀ

PunjabKesari

ਮੰਦਾਰਿਨ ਭਾਸ਼ਾ ’ਚ ‘ਤਿਆਂਗੋਂਗ’ ਤੋਂ ਭਾਵ ‘ਸਵਰਗ ਦਾ ਮਹੱਲ’ ਹੁੰਦਾ ਹੈ। ਇਸ ਮਿਸ਼ਨ ਤਹਿਤ ਪੁਲਾੜ ’ਚ ਗਏ 3 ਯਾਤਰੀ ਉੱਥੇ ਪਹਿਲਾਂ ਤੋਂ ਮੌਜੂਦ ਪਾਰਟੀ ਦੀ ਜਗ੍ਹਾ ਲੈਣਗੇ, ਜਿਸ ਨੇ ਸਟੇਸ਼ਨ ਦੇ ਨਿਰਮਾਣ ’ਚ ਮਦਦ ਕੀਤੀ ਹੈ। ਇਸ ਸਫਲਤਾ ਨਾਲ ਅਮਰੀਕਾ ਤੇ ਰੂਸ ਵਰਗੀਆਂ ਦੁਨੀਆ ਦੀਆਂ 2 ਚੋਟੀ ਦੀਆਂ ਪੁਲਾੜ ਸ਼ਕਤੀਆਂ ਵਿਚਕਾਰ ਚੀਨ ਦੀ ਸਥਿਤੀ ਮਜ਼ਬੂਤ ਹੋਵੇਗੀ।

PunjabKesari

ਇੰਡੀਆਨਾ ਯੂਨੀਵਰਸਿਟੀ ਆਸਟ੍ਰੋਮ ਵਰਕਸ਼ਾਪ ਦੇ ਸਪੇਸ ਗਵਰਨੈਂਸ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਪੁਲਾੜ ਕਾਨੂੰਨ ਤੇ ਪੁਲਾੜ ਨੀਤੀ ਵਿਦਵਾਨਾਂ ਦੇ ਰੂਪ ’ਚ ਅਸੀਂ ਦਿਲਚਸਪੀ ਨਾਲ ਚੀਨੀ ਪੁਲਾੜ ਸਟੇਸ਼ਨ ਦੇ ਵਿਕਾਸ ਨੂੰ ਵੇਖ ਰਹੇ ਹਾਂ। ਅਮਰੀਕੀ ਅਗਵਾਈ ਵਾਲੇ ‘ਕੌਮਾਂਤਰੀ ਪੁਲਾੜ ਸਟੇਸ਼ਨ’ ਤੋਂ ਉਲਟ ਤਿਆਂਗੋਂਗ ਦਾ ਨਿਰਮਾਣ ਤੇ ਸੰਚਾਲਨ ਪੂਰੀ ਤਰ੍ਹਾਂ ਚੀਨ ਨੇ ਕੀਤਾ ਹੈ। ਸਟੇਸ਼ਨ ਦਾ ਸਫਲ ਉਦਘਾਟਨ ਵਿਗਿਆਨ ਦੇ ਕੁਝ ਰੋਮਾਂਚਕ ਪਲਾਂ ’ਚ ਸ਼ਾਮਲ ਹੈ। ਨਾਲ ਹੀ ਸਟੇਸ਼ਨ ਦੇਸ਼ ਦੀ ਆਤਮ ਨਿਰਭਰਤਾ ਦੀ ਨੀਤੀ ’ਤੇ ਵੀ ਚਾਨਣਾ ਪਾਉਂਦਾ ਹੈ। ਇਸ ਤੋਂ ਇਲਾਵਾ ਇਹ ਪੁਲਾੜ ’ਚ ਸ਼ਕਤੀ ਦੇ ਬਦਲਦੇ ਮਾਹੌਲ ਵਿਚਾਲੇ ਪੁਲਾੜ ਦੇ ਵੱਡੇ ਮਿਸ਼ਨ ਤੱਕ ਪਹੁੰਚਣ ਦੀ ਦਿਸ਼ਾ ’ਚ ਚੀਨ ਲਈ ਇਕ ਅਹਿਮ ਕਦਮ ਹੈ।

ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਰੋਕ! ਵਿਆਹ 'ਚ ਭੰਗੜਾ ਪਾ ਰਹੇ ਨੌਜਵਾਨ 'ਤੇ ਮਾਮੂਲੀ ਗੱਲ ਨੂੰ ਲੈ ਕੇ ਚਲਾਈ ਗੋਲ਼ੀ, ਹਾਲਤ ਗੰਭੀਰ

PunjabKesari

ਚੀਨੀ ਸਟੇਸ਼ਨ ਦੀਆਂ ਸਮਰੱਥਾਵਾਂ

ਚੀਨ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਨੇ 3 ਦਹਾਕਿਆਂ ’ਚ ਤਿਆਂਗੋਂਗ ਪੁਲਾੜ ਸਟੇਸ਼ਨ ਦਾ ਕੰਮ ਪੂਰਾ ਕੀਤਾ ਹੈ। ਸਟੇਸ਼ਨ 180 ਫੁੱਟ (55 ਮੀਟਰ) ਲੰਮਾ ਹੈ ਅਤੇ ਇਸ ਵਿੱਚ 3 ‘ਮਾਡਿਊਲ’ ਸ਼ਾਮਲ ਹਨ, ਜਿਨ੍ਹਾਂ ਨੂੰ ਵੱਖਰੇ ਤੌਰ ’ਤੇ ਲਾਂਚ ਕਰਨ ਤੋਂ ਬਾਅਦ ਪੁਲਾੜ ’ਚ ਜੋੜਿਆ ਗਿਆ ਸੀ। ਇਨ੍ਹਾਂ ਵਿੱਚ ਇਕ ਕੋਰ ‘ਮਾਡਿਊਲ’ ਸ਼ਾਮਲ ਹੈ, ਜਿੱਥੇ ਵੱਧ ਤੋਂ ਵੱਧ 6 ਪੁਲਾੜ ਯਾਤਰੀ ਰਹਿ ਸਕਦੇ ਹਨ। ਇਸ ਤੋਂ ਇਲਾਵਾ 3,884 ਕਿਊਬਿਕ ਫੁੱਟ (110 ਕਿਊਬਿਕ ਮੀਟਰ) ਦੇ 2 ਮਾਡਿਊਲ ਹਨ। ਸਟੇਸ਼ਨ ਦੇ ਨੇੜੇ ਇਕ ਬਾਹਰੀ ਰੋਬੋਟਿਕ ਹਿੱਸਾ ਵੀ ਹੈ, ਜੋ ਸਟੇਸ਼ਨ ਦੇ ਬਾਹਰ ਸਰਗਰਮੀਆਂ ਤੇ ਤਜਰਬਿਆਂ ’ਤੇ ਨਜ਼ਰ ਰੱਖਦਾ ਹੈ। ਸਪਲਾਈ ਵਾਹਨਾਂ ਤੇ ਮਨੁੱਖੀ ਪੁਲਾੜ ਵਾਹਨ ਲਈ 3 ਡੌਕਿੰਗ ਪੋਰਟ ਹਨ। ਚੀਨ ਦੇ ਏਅਰਕ੍ਰਾਫਟ ਕੈਰੀਅਰਜ਼ ਤੇ ਹੋਰ ਪੁਲਾੜ ਵਾਹਨਾਂ ਵਾਂਗ ਤਿਆਂਗੋਂਗ ਸੋਵੀਅਤ ਯੁੱਗ ਦੇ ਡਿਜ਼ਾਈਨ ’ਤੇ ਆਧਾਰਤ ਹੈ।

ਇਹ ਵੀ ਪੜ੍ਹੋ : ਬੰਦੀ ਸਿੱਖਾਂ ਦੀ ਰਿਹਾਈ ਲਈ UNO ਦਫ਼ਤਰ ਜੇਨੇਵਾ ਸਾਹਮਣੇ ਵਰਲਡ ਸਿੱਖ ਪਾਰਲੀਮੈਟ ਵੱਲੋਂ ਇਨਸਾਫ਼ ਰੈਲੀ

PunjabKesari

ਇਹ 1980 ਦੇ ਦਹਾਕੇ ਦੇ ਸੋਵੀਅਤ ਪੁਲਾੜ ਸਟੇਸ਼ਨ ‘ਮੀਰ’ ਨਾਲ ਕਾਫੀ ਰਲਦਾ-ਮਿਲਦਾ ਹੈ ਪਰ ਤਿਆਂਗੋਂਗ ਸਟੇਸ਼ਨ ਦਾ ਕਾਫੀ ਆਧੁਨਿਕੀਕਰਨ ਕੀਤਾ ਗਿਆ ਹੈ। ਚੀਨੀ ਪੁਲਾੜ ਸਟੇਸ਼ਨ 15 ਸਾਲ ਤੱਕ ਪੰਧ ’ਚ ਰਹਿ ਸਕਦਾ ਹੈ, ਜਿਸ ਵਿੱਚ ਹਰ ਸਾਲ 6-6 ਮਹੀਨੇ ਲਈ ਸੰਚਾਲਨ ਦਲ ਤੇ ਕਾਰਗੋ ਮਿਸ਼ਨ ਭੇਜਣ ਦੀ ਯੋਜਨਾ ਹੈ। ਸਟੇਸ਼ਨ ’ਚ ਵਿਗਿਆਨਕ ਪਰਖਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਇਸ ਦੀ ਸ਼ੁਰੂਆਤ ਸਟੇਸ਼ਨ ਦੀ ਜੈਵਿਕ ਪਰਖ ਕੈਬਨਿਟ ’ਚ ਬਾਂਦਰਾਂ ਦੇ ਜਣੇਪੇ ਨਾਲ ਸਬੰਧਤ ਇਕ ਯੋਜਨਾਬੱਧ ਅਧਿਐਨ ਤੋਂ ਹੋਈ ਹੈ।

PunjabKesari

ਇਹ ਅਧਿਐਨ ਸਫਲ ਰਹੇਗਾ ਜਾਂ ਨਹੀਂ, ਇਹ ਵੱਖਰਾ ਮਾਮਲਾ ਹੈ। ਤਿਆਂਗੋਂਗ ਦੇ ਨਿਰਮਾਣ ਦੇ ਨਾਲ ਹੀ ਚੀਨ ਇਕੋ-ਇਕ ਅਜਿਹਾ ਦੇਸ਼ ਬਣ ਗਿਆ ਹੈ, ਜਿਸ ਕੋਲ ਇਕ ਮੁਕੰਮਲ ਪੁਲਾੜ ਸਟੇਸ਼ਨ ਹੋਵੇਗਾ ਅਤੇ ਉਹ ਨਾਸਾ ਦੀ ਅਗਵਾਈ ਵਾਲੇ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਦਾ ਮੁਕਾਬਲੇਬਾਜ਼ ਹੋਵੇਗਾ, ਜਿਸ ਦੀ ਸਥਾਪਨਾ 1998 ’ਚ ਕੀਤੀ ਗਈ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News