ਚੀਨ ਨੇ ਰੂਸੀ ਏਅਰਲਾਈਨਜ਼ ਦੇ ਵਿਦੇਸ਼ੀ ਮਲਕੀਅਤ ਵਾਲੇ ਜਹਾਜ਼ਾਂ ''ਤੇ ਲਗਾਈ ਪਾਬੰਦੀ
Wednesday, Jun 01, 2022 - 01:56 PM (IST)
ਬੀਜਿੰਗ (ਏਜੰਸੀ) : ਚੀਨ ਨੇ ਰੂਸੀ ਏਅਰਲਾਈਨਜ਼ ਦੇ ਵਿਦੇਸ਼ੀ ਮਾਲਕੀ ਵਾਲੇ ਜਹਾਜ਼ਾਂ 'ਤੇ ਆਪਣੇ ਹਵਾਈ ਖੇਤਰ ਤੋਂ ਉਡਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਰੂਸੀ ਸਮਾਚਾਰ ਸੰਗਠਨ 'ਆਰ.ਬੀ.ਕੇ.' ਨੇ ਇਹ ਜਾਣਕਾਰੀ ਦਿੱਤੀ ਹੈ। ਯੂਰਪੀਅਨ ਯੂਨੀਅਨ ਨੇ ਫਰਵਰੀ ਵਿੱਚ ਰੂਸੀ ਕੈਰੀਅਰਾਂ ਨੂੰ ਜਹਾਜ਼ਾਂ ਦੀ ਵਿਕਰੀ ਜਾਂ ਲੀਜ਼ 'ਤੇ ਦਿੱਤੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ।
ਇਸ ਦੇ ਜਵਾਬ ਵਿੱਚ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਾਰਚ ਵਿੱਚ ਇਨ੍ਹਾਂ ਜਹਾਜ਼ਾਂ ਦੀ ਮੁੜ-ਰਜਿਸਟ੍ਰੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਸੀ, ਇਸ ਨਾਲ ਕਿਆਸ ਲਗਾਏ ਜਾਣ ਲੱਗੇ ਕਿ ਵਿਦੇਸ਼ੀ ਮਾਲਕ ਨੂੰ ਉਨ੍ਹਾਂ ਦੇ ਅਰਬਾਂ ਡਾਲਰ ਦੇ ਜਹਾਜ਼ ਵਾਪਸ ਨਹੀਂ ਮਿਲ ਸਕਣਗੇ। 'ਆਰ.ਬੀ.ਕੇ.' ਦੀ ਖ਼ਬਰ ਮੁਤਾਬਕ ਚੀਨ ਦੇ ਹਵਾਬਾਜ਼ੀ ਰੈਗੂਲੇਟਰ ਨੇ ਪਿਛਲੇ ਮਹੀਨੇ ਸਾਰੀਆਂ ਵਿਦੇਸ਼ੀ ਏਅਰਲਾਈਜ਼ ਕੰਪਨੀਆਂ ਨੂੰ ਮਾਲਕੀ ਦੇ ਵੇਰਵੇ ਅਤੇ ਹੋਰ ਵੇਰਵੇ ਪ੍ਰਦਾਨ ਕਰਨ ਲਈ ਕਿਹਾ ਸੀ।
ਉਸ ਨੇ ਦੱਸਿਆ ਸੀ ਕਿ ਜੋ ਰੂਸੀ ਏਅਰਲਾਈਨਜ਼ ਆਪਣੇ ਜਹਾਜ਼ਾਂ ਦਾ ਵਿਦੇਸ਼ਾਂ ਵਿਚ ਰਜਿਸਟਰੇਸ਼ਨ ਖ਼ਤਮ ਕਰਨ ਸਬੰਧੀ ਦਸਤਾਵੇਜ਼ ਨਹੀਂ ਦੇ ਸਕੀਆਂ, ਉਨ੍ਹਾਂ ਨੂੰ ਚੀਨੀ ਹਵਾਈ ਖੇਤਰ ਵਿਚ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ। ਚੀਨ ਦੇ ਸਿਵਲ ਏਵੀਏਸ਼ਨ ਪ੍ਰਸ਼ਾਸਨ ਨੇ ਇਸ ਸਬੰਧ ਵਿਚ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।