ਚੀਨ ਦੇ ਵੁਹਾਨ ਸ਼ਹਿਰ ''ਚ ਜਾਨਵਰਾਂ ਨੂੰ ਖਾਣ ''ਤੇ ਲੱਗੀ ਪਾਬੰਦੀ

05/21/2020 6:00:58 PM

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਜਾਨਲੇਵਾ ਵਾਇਰਸ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ।ਚੀਨ ਵਿਚ ਕੋਵਿਡ-19 ਮਹਾਮਾਰੀ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਦੋ ਸ਼ਹਿਰਾਂ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਉੱਧਰ ਮਹਾਮਾਰੀ ਦਾ ਕੇਂਦਰ ਰਹੇ ਵੁਹਾਨ ਨੇ ਵੀ ਆਖਿਰਕਾਰ ਇਸ ਤ੍ਰਾਸਦੀ ਤੋਂ ਸਿੱਖਿਆ ਲਈ ਹੈ ਅਤੇ ਇਕ ਵੱਡਾ ਫੈਸਲਾ ਲੈਂਦੇ ਹੋਏ ਇੱਥੇ ਜੰਗਲੀ ਜਾਨਵਰਾਂ ਨੂੰ ਖਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਸਲ ਵਿਚ ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਇਨਸਾਨਾਂ ਵਿਚ ਕਿਸੇ ਜੰਗਲੀ ਜਾਨਵਰ ਦੇ ਜ਼ਰੀਏ ਪਹੁੰਚਿਆ ਜੋ ਇੱਥੋਂ ਦੀ ਵੈਟ ਮਾਰਕਟੀ ਵਿਚ ਵੇਚੇ ਜਾ ਰਹੇ ਸਨ। ਚੀਨ ਦੇ ਖਾਣੇ ਵਿਚ ਜਾਨਵਰ ਵੱਡਾ ਹਿੱਸਾ ਰਹੇ ਹਨ ਅਤੇ ਅਜਿਹੇ ਵਿਚ 1.1 ਕਰੋੜ ਦੀ ਆਬਾਦੀ ਵਾਲੇ ਵੁਹਾਨ ਵਿਚ ਪਾਬੰਦੀ ਲਗਾਈ ਜਾਣੀ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਇਹਨਾਂ ਜੀਵਾਂ ਦੇ ਖਾਣ 'ਤੇ ਵੀ ਪਾਬੰਦੀ
ਵੁਰਾਨ ਸਰਕਾਰ ਨੇ ਇਕ ਨੋਟਿਸ ਜਾਰੀ ਕਰਦਿਆਂ ਐਲਾਨ ਕੀਤਾ ਹੈ ਕਿ 13 ਮਈ ਤੋਂ ਲੈ ਕੇ ਅਗਲੇ 5 ਸਾਲ ਤੱਕ ਇੱਥੇ ਜੰਗਲੀ ਜਾਨਵਰਾਂ ਨੂੰ ਖਾਧੇ ਜਾਣ 'ਤੇ ਪਾਬੰਦੀ ਹੋਵੇਗੀ। ਹੁਆਨਾਨ ਸੀਫੂਡ ਹੋਲਸੇਲ ਮਾਰਕੀਟ 1 ਜਨਵਰੀ ਤੋਂ ਬੰਦ ਹੈ। ਅਜਿਹਾ ਅੰਦਾਜ਼ਾ ਲਗਾਇਆ ਗਿਆ ਸੀ ਕਿ ਇੱਥੋਂ ਹੀ ਕੋਰੋਨਾਵਾਇਰਸ ਨਿਕਲਿਆ ਅਤੇ ਫਿਰ ਦੁਨੀਆ ਵਿਚ ਫੈਲ ਗਿਆ। ਸੀਫੂਡ ਦੇ ਇਲਾਵਾ ਇੱਥੇ ਲੂੰਬੜੀਆਂ, ਮਗਰਮੱਛ, ਭੇੜੀਏ ਦੇ ਬੱਚੇ, ਸਲਮਾਂਡਰ, ਸੱਪ, ਚੂਹੇ, ਮੋਰ, ਸਿਯਾਹੀ, ਕੋਆਲਾ ਜਿਹੇ ਜੰਗਲੀ ਜਾਨਵਰ ਵੀ ਮਿਲਦੇ ਸਨ।

ਕਾਨੂੰਨ ਵਿਚ ਜੰਗਲੀ ਜਾਨਵਰਾਂ ਅਤੇ ਉਹਨਾਂ ਦੇ ਉਤਪਾਦਨ ਨੂੰ ਲੈਕੇ ਰੋਕ ਹੈ। ਇਹਨਾਂ ਵਿਚ ਜ਼ਮੀਨ ਅਤੇ ਪਾਣੀ ਦੋਹਾਂ ਵਿਚ ਪਾਏ ਜਾਣ ਵਾਲੇ ਜਾਨਵਰ ਸ਼ਾਮਲ ਹਨ। ਮੈਡੀਗਲ ਸੰਗਠਨਾਂ ਨੂੰ ਰਿਸਰਚ ਦੇ ਲਈ ਜਾਨਵਰਾਂ ਨੂੰ ਹਾਸਲ ਕਰਨ ਲਈ ਲਾਈਸੈਂਸ ਲੈਣਾ ਹੋਵੇਗਾ। ਜ਼ਮੀਨ ਦੇ ਜਾਨਵਰਾਂ ਅਤੇ ਪਾਣੀ ਦੇ ਪ੍ਰੋਟੈਕਟਿਡ ਜੰਗਲੀ ਜਾਨਵਰਾਂ ਨੂੰ ਖਾਧੇ ਜਾਣ ਦੇ ਲਈ ਆਰਟੀਫੀਸ਼ਲ ਬ੍ਰੀਡਿੰਗ ਦੀ ਵੀ ਇਜਾਜ਼ਤ ਨਹੀਂ ਹੋਵੇਗੀ।

ਉਲੰਘਣਾ ਕਰਨ 'ਤੇ ਜ਼ੁਰਮਾਨਾ
ਇਹੀ ਨਹੀਂ ਕਿਸੇ ਵੀ ਸੰਗਠਨ ਜਾਂ ਸ਼ਖਸ ਨੂੰ ਵਾਈਲਡਲਾਈਵ ਜਾਂ ਉਸ ਨਾਲ ਜੁੜੇ ਉਤਪਾਦਾਂ ਦੇ ਉਤਪਾਦਨ, ਪ੍ਰੋਸੈੱਸ ਕਰਨ, ਵਰਤਣ ਜਾਂ ਵਪਾਰਕ ਆਪਰੇਸ਼ਨ ਦੀ ਇਜਾਜ਼ਤ ਨਹੀਂ ਹੋਵੇਗੀ। ਬ੍ਰੀਡਿੰਗ, ਟਰਾਂਸਪੋਰਟ, ਟ੍ਰੇਡਿੰਗ, ਲਿਆਉਣਾ-ਲਿਜਾਣਾ ਗੈਰ ਕਾਨੂੰਨੀ ਹੋਵੇਗਾ। ਇੱਥੋਂ ਤੱਕ ਕਿ ਇਸ ਨੂੰ ਲੈ ਕੇ ਐਡ, ਸਾਈਨਬੋਰਡ ਜਾਂ ਰੇਸਿਪੀ ਦੇਣ 'ਤੇ ਵੀ ਪਾਬੰਦੀ ਹੋਵੇਗੀ। ਅਧਿਕਾਰੀ ਸਰਵੀਲਾਂਸ ਸਿਸਟਮ ਦੇ ਜ਼ਰੀਏ ਇਹਨਾਂ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣਗੇ ਅਤੇ ਉਲੰਘਣਾ ਕੀਤੇ ਜਾਣ 'ਤੇ ਜ਼ੁਰਮਾਨਾ ਲਗਾਇਆ ਜਾਵੇਗਾ। ਇਸ ਦੇ ਲਈ ਬਜ਼ਾਰਾਂ, ਰੈਸਟੋਰੈਂਟਾਂ, ਹੋਟਲਾਂ, ਈ-ਪਲੇਟਫਾਰਮਾਂ ਅਤੇ ਫੂਡ ਪ੍ਰੋਸੈਸਿੰਗ ਬਿਜ਼ਨੈੱਸ ਦਾ ਮੁਆਇਨਾ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਖਾਸ ਤਰ੍ਹਾਂ ਦਾ ਮਾਸਕ ਬਣਾਉਣ ਦੀ ਤਿਆਰੀ, ਸੰਪਰਕ 'ਚ ਆਉਂਦੇ ਹੀ ਖਤਮ ਹੋਵੇਗਾ ਕੋਰੋਨਾ

520 ਬਿਲੀਅਨ ਯੁਆਨ ਦਾ ਵਪਾਰ
ਹੁਬੇਈ ਸੂਬੇ ਨੇ ਮਾਰਚ ਵਿਚ ਜੰਗਲੀ ਜਾਨਵਰਾਂ ਨੂੰ ਖਾਧੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ। ਫਰਵਰੀ ਵਿਚ ਚੀਨ ਦੀ ਸਰਕਾਰ ਨੇ ਅਸਥਾਈ ਕਾਨੂੰਨ ਲਾਗੂ ਕਰਕੇ ਜੰਗਲੀ ਜਾਨਵਰਾਂ ਦੇ ਵਪਾਰ ਅਤੇ ਖਾਧੇ ਜਾਣ 'ਤੇ ਰੋਕ ਲਗਾ ਦਿੱਤੀ ਸੀ। ਚੀਨ ਦੇ ਵਾਈਲਡਲਾਈਫ ਵਪਾਰ ਦੀ ਕੀਮਤ ਲੱਗਭਗ 520 ਬਿਲੀਅਨ ਯੁਆਨ ਹੈ। ਕੋਰੋਨਾਵਾਇਰਸ ਦੇ ਕਾਰਨ ਦੁਨੀਆ ਭਰ ਵਿਚ 3,26,251 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 50,36,900 ਲੋਕ ਪੀੜਤ ਹਨ। ਚੀਨ ਵਿਚ ਅਧਿਕਾਰਤ ਤੌਰ 'ਤੇ 82,965 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਜਦਕਿ 4634 ਲੋਕਾਂ ਦੀ ਜਾਨ ਜਾ ਚੁੱਕੀ ਹੈ।
 


Vandana

Content Editor

Related News