ਚੀਨ ’ਚ ਘਟਦੀ ਆਬਾਦੀ ਕਾਰਨ ਮਚੀ ਹਲਚਲ, ਜੋੜਿਆਂ ਨੂੰ ਦਿੱਤੀ ਗਈ 3 ਬੱਚੇ ਪੈਦਾ ਕਰਨ ਦੀ ਇਜਾਜ਼ਤ

Friday, Aug 20, 2021 - 12:57 PM (IST)

ਚੀਨ ’ਚ ਘਟਦੀ ਆਬਾਦੀ ਕਾਰਨ ਮਚੀ ਹਲਚਲ, ਜੋੜਿਆਂ ਨੂੰ ਦਿੱਤੀ ਗਈ 3 ਬੱਚੇ ਪੈਦਾ ਕਰਨ ਦੀ ਇਜਾਜ਼ਤ

ਬੀਜਿੰਗ (ਭਾਸ਼ਾ) : ਚੀਨ ਦੀ ਰਾਸ਼ਟਰੀ ਵਿਧਾਨ ਸਭਾ ਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਵੱਲੋਂ ਲਿਆਈ ਗਈ 3 ਬੱਚਿਆਂ ਦੀ ਨੀਤੀ ਦਾ ਸ਼ੁੱਕਰਵਾਰ ਨੂੰ ਰਸਮੀ ਰੂਪ ਨਾਲ ਸਮਰਥਨ ਕੀਤਾ। ਇਹ ਨੀਤੀ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਤੇਜ਼ੀ ਨਾਲ ਘੱਟ ਹੁੰਦੀ ਜਨਮ ਦਰ ਨੂੰ ਰੋਕਣ ਦੇ ਮਕਸਦ ਨਾਲ ਲਿਆਂਦੀ ਗਈ ਹੈ। ਨੈਸ਼ਨਲ ਪੀਪਲਜ਼ ਕਾਂਗਰਸ (ਐੱਨ.ਸੀ.ਪੀ.) ਦੀ ਸਥਾਈ ਕਮੇਟੀ ਨੇ ਸੋਧੀ ਗਈ ਜਨਸੰਖਿਆ ਅਤੇ ਪਰਿਵਾਰ ਨਿਯੋਜਨ ਕਾਨੂੰਨ ਨੂੰ ਪਾਸ ਕਰ ਦਿੱਤਾ, ਜਿਸ ਵਿਚ ਚੀਨੀ ਜੋੜਿਆਂ ਨੂੰ 3 ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਤਾਲਿਬਾਨ ਦੇ ਡਰੋਂ ਦੇਸ਼ ਛੱਡ ਕੇ ਭੱਜੇ ਅਸ਼ਰਫ ਗਨੀ ਨੇ ਅਫਗਾਨਿਸਤਾਨ ਪਰਤਣ ਦੀ ਖਾਧੀ ਕਸਮ

ਚੀਨ ਵਿਚ ਵੱਧਦੀ ਮਹਿੰਗਾਈ ਕਾਰਨ ਜੋੜੇ ਘੱਟ ਬੱਚੇ ਪੈਦਾ ਕਰ ਰਹੇ ਹਨ ਅਤੇ ਇਨ੍ਹਾਂ ਚਿੰਤਾਵਾਂ ਨਾਲ ਨਜਿੱਠਣ ਲਈ ਕਾਨੂੰਨ ਵਿਚ ਵਧੇਰੇ ਸਮਾਜਿਕ ਅਤੇ ਆਰਥਿਕ ਸਹਿਯੋਗ ਦੇ ਉਪਾਅ ਵੀ ਕੀਤੇ ਗਏ ਹਨ। ਸਰਕਾਰੀ ਸਮਾਚਾਰ ਪੱਤਰ ‘ਚਾਈਨਾ ਡੇਲੀ’ ਮੁਤਾਬਕ ਨਵੇਂ ਕਾਨੂੰਨ ਵਿਚ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਦੀ ਸਿੱਖਿਆ ਦਾ ਖ਼ਰਚ ਘੱਟ ਕਰਨ ਦੇ ਨਾਲ ਹੀ ਪਰਿਵਾਰ ਦਾ ਬੋਝ ਘੱਟ ਕਰਨ ਲਈ ਵਿੱਤ, ਟੈਕਸ, ਬੀਮਾ, ਸਿੱਖਿਆ, ਰਹਿਾਇਸ਼ ਅਤੇ ਰੁਜ਼ਗਾਰ ਸਬੰਧੀ ਸਹਿਯੋਗੀ ਕਦਮ ਚੁੱਕੇ ਜਾਣਗੇ।

ਇਹ ਵੀ ਪੜ੍ਹੋ: UAE ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼

ਇਸ ਸਾਲ ਮਈ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ ਨੇ 2 ਬੱਚਿਆਂ ਦੀ ਆਪਣੀ ਸਖ਼ਤ ਨੀਤੀ ਵਿਚ ਛੋਟ ਦਿੰਦੇ ਹੋਏ ਸਾਰੇ ਜੋੜਿਆਂ ਨੂੰ 3 ਤੱਕ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀ। ਚੀਨ ਨੇ ਦਹਾਕਿਆਂ ਪੁਰਾਣੀ ਇਕ ਬੱਚੇ ਦੀ ਨੀਤੀ ਨੂੰ ਰੱਦ ਕਰਦੇ ਹੋਏ 2016 ਵਿਚ ਸਾਰੇ ਜੋੜਿਆਂ ਨੂੰ 2 ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀ। ਨੀਤੀ ਨਿਰਮਾਤਾਵਾਂ ਨੇ ਦੇਸ਼ ਵਿਚ ਜਨਸੰਖਿਆ ਸੰਕਟ ਨਾਲ ਨਜਿੱਠਣ ਲਈ ਇਕ ਬੱਚੇ ਦੀ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News