ਚੀਨ ਨੇ ਕੋਵਿਡ-19 ਨਾਲ ਸਬੰਧਤ ਪਾਬੰਦੀਆਂ ''ਚ ਦਿੱਤੀ ਢਿੱਲ, ਅੰਤਰਰਾਸ਼ਟਰੀ ਉਡਾਣਾਂ ਤੋਂ ਵੀ ਹਟਾਈ ਪਾਬੰਦੀ
Friday, Nov 11, 2022 - 04:46 PM (IST)
ਬੀਜਿੰਗ (ਭਾਸ਼ਾ)- ਕੋਵਿਡ-19 ਪਾਬੰਦੀਆਂ 'ਚ ਢਿੱਲ ਦੇਣ ਲਈ ਚੀਨ ਨੇ ਦੇਸ਼ ਵਿੱਚ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਦੀ ਮਿਆਦ ਵਿੱਚ ਕਟੌਤੀ ਕਰ ਦਿੱਤੀ ਹੈ ਅਤੇ ਅੰਤਰਰਾਸ਼ਟਰੀ ਉਡਾਣਾਂ ਤੋਂ ਪਾਬੰਦੀਆਂ ਹਟਾ ਦਿੱਤੀਆਂ ਹਨ। ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ ਨਵੀਂ ਚੁਣੀ ਗਈ ਸੱਤ ਮੈਂਬਰੀ ਸਥਾਈ ਕਮੇਟੀ ਦੀ ਪਹਿਲੀ ਮੀਟਿੰਗ ਤੋਂ ਬਾਅਦ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ। ਸੀਪੀਸੀ ਦੀ ਬੈਠਕ ਵੀਰਵਾਰ ਨੂੰ ਹੋਈ, ਜਿਸ ਦੀ ਪ੍ਰਧਾਨਗੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੀਤੀ। ਸਥਾਈ ਕਮੇਟੀ ਸੀਪੀਸੀ ਦੀ ਸਿਖਰ ਨੀਤੀ ਬਣਾਉਣ ਅਤੇ ਲਾਗੂ ਕਰਨ ਵਾਲੀ ਸੰਸਥਾ ਹੈ।
ਇਹ ਵੀ ਪੜ੍ਹੋ: ਕਰਜ਼ ਲੈ ਕੇ ਆਸਟ੍ਰੇਲੀਆ ਪੜ੍ਹਨ ਗਏ ਨੌਜਵਾਨ ਨਾਲ ਵਾਪਰ ਗਿਆ ਭਾਣਾ, ਪਰਿਵਾਰ 'ਚ ਵਿਛੇ ਸੱਥਰ
ਚੀਨ ਨੇ ਕੋਵਿਡ -19 ਦੇ ਮਰੀਜ਼ਾਂ ਦੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਲਈ ਆਈਸੋਲੇਸ਼ਨ ਦੀ ਮਿਆਦ 10 ਦਿਨਾਂ ਤੋਂ ਘਟਾ ਕੇ 8 ਦਿਨ ਕਰ ਦਿੱਤੀ ਹੈ। ਇਸ ਵਿੱਚ, ਵਿਅਕਤੀ ਨੂੰ ਲਾਜ਼ਮੀ ਤੌਰ 'ਤੇ ਪੰਜ ਦਿਨ ਆਈਸੋਲੇਸ਼ਨ ਸੈਂਟਰ ਵਿੱਚ ਰਹਿਣਾ ਪਏਗਾ, ਜਿਸ ਤੋਂ ਬਾਅਦ ਤਿੰਨ ਦਿਨਾਂ ਤੱਕ ਘਰ ਵਿੱਚ ਉਸਦੀ ਸਿਹਤ ਦੀ ਨਿਗਰਾਨੀ ਕੀਤੀ ਜਾਵੇਗੀ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ "ਸਰਕਟ ਬ੍ਰੇਕਰ" ਨੀਤੀ ਦੇ ਤਹਿਤ, ਜੇਕਰ ਕੋਈ ਵਿਅਕਤੀ ਚੀਨ ਆਉਣ ਵਾਲੀ ਅੰਤਰਰਾਸ਼ਟਰੀ ਉਡਾਣਾਂ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ।
"ਸਰਕਟ ਬ੍ਰੇਕਰ" ਨੀਤੀ ਦੇ ਤਹਿਤ ਜੇਕਰ ਕੋਈ ਯਾਤਰੀ ਪਹੁੰਚਣ 'ਤੇ ਕੋਵਿਡ -19 ਨਾਲ ਸੰਕਰਮਿਤ ਪਾਇਆ ਜਾਂਦਾ ਹੈ ਤਾਂ ਚੀਨੀ ਹਵਾਬਾਜ਼ੀ ਅਥਾਰਟੀ ਲੰਬੇ ਸਮੇਂ ਲਈ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੰਦੀ ਹੈ। "ਸਰਕਟ ਬ੍ਰੇਕਰ" ਨੀਤੀ ਕਾਰਨ ਬਹੁਤ ਸਾਰੀਆਂ ਏਅਰਲਾਈਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਭਾਰਤ ਅਤੇ ਚੀਨ ਵਿਚਾਲੇ ਸਿੱਧੀਆਂ ਉਡਾਣਾਂ ਬਹਾਲ ਹੋਣ 'ਚ ਵਿਘਨ ਪੈ ਰਿਹਾ ਸੀ। ਇਸ ਦੌਰਾਨ, ਵੀਰਵਾਰ ਨੂੰ ਚੀਨ ਵਿੱਚ ਕੋਵਿਡ -19 ਦੇ 1,150 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਵਿੱਚ 9,358 ਅਜਿਹੇ ਮਾਮਲੇ ਸਾਹਮਣੇ ਆਏ ਹਨ ਜੋ ਸਥਾਨਕ ਹਨ ਅਤੇ ਲੋਕਾਂ ਵਿੱਚ ਲਾਗ ਦੇ ਕੋਈ ਲੱਛਣ ਨਹੀਂ ਹਨ।
ਇਹ ਵੀ ਪੜ੍ਹੋ: 23 ਸਾਲਾ ਭਾਰਤੀ ਮੂਲ ਦੀ ਨਬੀਲਾ ਸਈਦ ਨੇ ਅਮਰੀਕਾ 'ਚ ਰਚਿਆ ਇਤਿਹਾਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।