ਬੱਸ ਧਮਾਕੇ ਨੂੰ ਲੈ ਕੇ PAK ’ਤੇ ਭੜਕਿਆ ਚੀਨ, ਡਰਿਆ ਪਾਕਿ ਵਾਰ-ਵਾਰ ਬਦਲ ਰਿਹੈ ਬਿਆਨ
Thursday, Jul 15, 2021 - 06:55 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਚੀਨੀ ਇੰਜੀਨੀਅਰਾਂ ਨਾਲ ਭਰੀ ਬੱਸ ’ਚ ਧਮਾਕਾ ਹੋਣ ਨਾਲ ਚੀਨ ਗੁੱਸੇ ’ਚ ਕਾਫ਼ੀ ਭੜਕਿਆ ਹੋਇਆ ਹੈ। ਉਸ ਨੇ ਕਿਹਾ ਹੈ ਕਿ ਉਹ ਆਪਣੀ ਟੀਮ ਭੇਜ ਕੇ ਇਸ ਦੀ ਜਾਂਚ ਕਰਾਏਗਾ, ਜਿਸ ਤੋਂ ਬਾਅਦ ਪਾਕਿਸਤਾਨ ਕਾਫ਼ੀ ਡਰਿਆ ਹੋਇਆ ਹੈ। ਪਾਕਿਸਤਾਨ ਪਹਿਲਾਂ ਇਸ ਨੂੰ ਤਕਨੀਕੀ ਖਰਾਬੀ ਨਾਲ ਹੋਈ ਘਟਨਾ ਦੱਸ ਰਿਹਾ ਸੀ ਪਰ ਹੁਣ ਉਸ ਦੇ ਬੋਲਾਂ ’ਚ ਅਚਾਨਕ ਤਬਦੀਲੀ ਆ ਗਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਚੀਨੀ ਹਮਅਹੁਦਾ ਨੂੰ ਕਿਹਾ ਕਿ ਮੁੱਢਲੀ ਜਾਂਚ ’ਚ ਪਤਾ ਲੱਗਦਾ ਹੈ ਕਿ ਇਹ ਕੋਈ ਅੱਤਵਾਦੀ ਘਟਨਾ ਨਹੀਂ ਹੈ। ਉਨ੍ਹਾਂ ਨੇ ਐੱਸ. ਸੀ. ਓ. ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਹਰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ।
ਇਸ ਬੈਠਕ ’ਚ ਯੀ ਨੇ ਕਿਹਾ ਕਿ ਜੇ ਇਹ ਅੱਤਵਾਦੀ ਹਮਲਾ ਹੈ ਤਾਂ ਅਪਰਾਧੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਰ ਹੁਣ ਇਹ ਮਾਮਲਾ ਲਗਾਤਾਰ ਉਲਝਦਾ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਹੈ ਕਿ ਅੱਤਵਾਦੀ ਹਮਲੇ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸ਼ੁਰੂਆਤੀ ਜਾਂਚ ’ਚ ਵਿਸਫੋਟਕਾਂ ਦੇ ਸਬੂਤ ਮਿਲੇ ਹਨ। ਜ਼ਿਕਰਯੋਗ ਹੈ ਕਿ ਫਵਾਦ ਚੌਧਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਦਸੂ ਇਲਾਕੇ ’ਚ ਹੋਈ ਘਟਨਾ ਦੀ ਮੁੱਢਲੀ ਜਾਂਚ ’ਚ ਵਿਸਫੋਟਕਾਂ ਦੇ ਮਿਲਣ ਦੀ ਪੁਸ਼ਟੀ ਹੋਈ ਹੈ, ਤਾਂ ਅੱਤਵਾਦ ਦੀ ਖਬਰ ਨੂੰ ਨਕਾਰਿਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਵਿਅਕਤੀਗਤ ਤੌਰ ’ਤੇ ਪੂਰੇ ਘਟਨਾਚੱਕਰ ਦੀ ਨਿਗਰਾਨੀ ਕਰ ਰਹੇ ਹਨ, ਇਸ ਸਬੰਧ ’ਚ ਸਰਕਾਰ ਚੀਨੀ ਦੂਤਘਰ ਦੇ ਨਾਲ ਨੇੜਲੇ ਸੰਪਰਕ ’ਚ ਹੈ। ਅਸੀਂ ਅੱਤਵਾਦ ਦੇ ਖਤਰੇ ਨਾਲ ਇਕੱਠੇ ਲੜਨ ਲਈ ਪ੍ਰਤੀਬੱਧ ਹਾਂ, ‘‘ਦੱਸ ਦੇਈਏ ਕਿ ਇਸ ਹਾਦਸੇ ’ਚ 13 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ’ਚ 9 ਚੀਨੀ ਨਾਗਰਿਕ ਸ਼ਾਮਲ ਹਨ।
ਚੀਨ ਨੇ ਪਾਕਿ ਨੂੰ ਜਾਂਚ ਕਰਨ ਲਈ ਕਿਹਾ
ਚੀਨ ਦੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਘਟਨਾ ਦੀ ਜਾਂਚ ਕਰ ਕੇ ਸੱਚ ਦਾ ਪਤਾ ਲਾਇਆ ਜਾਵੇ, ਉਨ੍ਹਾਂ ਨੇ ਚੀਨ ਨੂੰ ਕਿਹਾ ਕਿ ਪਾਕਿਸਤਾਨ ’ਚ ਚੀਨੀ ਨਾਗਰਿਕਾਂ ਦੀ ਮੌਤ ਦੀ ਖਬਰ ਤੋਂ ਚੀਨ ਹੈਰਾਨ ਹੈ ਤੇ ਇਸ ਗੱਲ ਦੀ ਉਮੀਦ ਰੱਖਦਾ ਹੈ ਕਿ ਪਾਕਿਸਤਾਨੀ ਪੱਖ ਜਲਦ ਤੋਂ ਜਲਦ ਇਸ ਦੇ ਕਾਰਨ ਦਾ ਪਤਾ ਲਾਵੇ, ਬਚਾਅ ਮੁਹਿੰਮ ’ਚ ਤੇਜ਼ੀ ਆਏ, ਜ਼ਖਮੀਆਂ ਦਾ ਇਲਾਜ ਕਰਾਏ ਤੇ ਦੁਬਾਰਾ ਅਜਿਹੇ ਹਾਦਸੇ ਹੋਣ ਤੋਂ ਰੋਕੇ, ਯੀ ਨੇ ਕਿਹਾ ਹੈ ਕਿ ਘਟਨਾ ਤੋਂ ਸਿੱਖਣਾ ਚਾਹੀਦਾ ਹੈ ਤੇ ਚੀਨ-ਪਾਕਿਸਤਾਨ ਦੇ ਤਾਲਮੇਲ ਵਾਲੀਆਂ ਯੋਜਨਾਵਾਂ ਦੀ ਸੁਰੱਖਿਆ ਵਧਾਈ ਜਾਣੀ ਚਾਹੀਦੀ ਹੈ।