ਸੀਰੀਆ ''ਚ ਤੁਰਕੀ ਦੀ ਫੌਜੀ ਕਾਰਵਾਈ ਨੂੰ ਲੈ ਕੇ ਚੀਨ ਤੇ ਪਾਕਿਸਤਾਨ ''ਚ ਮਤਭੇਦ

10/15/2019 11:16:54 PM

ਬੀਜਿੰਗ (ਭਾਸ਼ਾ)- ਉੱਤਰੀ ਸੀਰੀਆ ਵਿਚ ਤੁਰਕੀ ਦੀ ਫੌਜੀ ਕਾਰਵਾਈ ਦੇ ਮੁੱਦੇ 'ਤੇ ਕੱਟੜ ਦੋਸਤ ਚੀਨ ਅਤੇ ਪਾਕਿਸਤਾਨ ਦਾ ਬਿਰਲਾ ਮਤਭੇਦ ਸਾਹਮਣੇ ਆਇਆ ਹੈ, ਜਿਥੇ ਚੀਨ ਨੇ ਅੰਕਾਰਾ ਤੋਂ ਕੁਰਦਿਸ਼ ਦਸਤਿਆਂ ਖਿਲਾਫ ਕਾਰਵਾਈ ਰੋਕਣ ਨੂੰ ਕਿਹਾ ਹੈ ਉਥੇ ਹੀ ਪਾਕਿਸਤਾਨ ਨੇ ਇਸ ਕਾਰਵਾਈ ਦੀ ਹਮਾਇਤ ਕੀਤੀ ਹੈ। ਤੁਰਕੀ ਨੇ ਪਿਛਲੇ ਹਫਤੇ ਸੀਰੀਅਨ ਕੁਰਦਿਸ਼ ਪੀਪਲਜ਼ ਪ੍ਰੋਟੈਕਸ਼ਨ ਯੂਨਿਟ ਖਿਲਾਫ ਹਮਲਾ ਸ਼ੁਰੂ ਕੀਤਾ ਸੀ। ਤੁਰਕੀ ਉਸ ਨੂੰ ਆਪਣੀ ਜ਼ਮੀਨ 'ਤੇ ਕੁਰਦਿਸ਼ ਅੱਤਵਾਦੀਆਂ ਦੀ ਬਰਾਂਚ ਮੰਨਦਾ ਹੈ। ਤੁਰਕੀ ਸਰਕਾਰ ਉਸ ਖੇਤਰ 'ਚ ਇਕ ਸੁਰੱਖਿਅਤ ਖੇਤਰ ਬਣਾਉਣਾ ਚਾਹੁੰਦੀ ਹੈ ਜਿਥੇ ਉਹ ਦੇਸ਼ ਵਿਚ ਰਹਿ ਰਹੇ ਤਕਰੀਬਨ 20 ਲੱਖ ਸੀਰੀਆਈ ਸ਼ਰਨਾਰਥੀਆਂ ਨੂੰ ਬਸਾ ਸਕੇ। ਫੌਜੀ ਮੁਹਿੰਮ ਵਿਚ ਹੁਣ ਤੱਕ ਦਰਜਨਾਂ ਨਾਗਰਿਕ ਮਾਰੇ ਗਏ ਹਨ ਅਤੇ ਘੱਟੋ-ਘੱਟ 160,000 ਲੋਕ ਇਲਾਕੇ ਤੋਂ ਭੱਜ ਗਏ ਹਨ।

ਸੰਯੁਕਤ ਰਾਸ਼ਟਰ ਨੇ ਇਹ ਜਾਣਕਾਰੀ ਦਿੱਤੀ ਹੈ। ਚੀਨ ਨੇ ਮੰਗਲਵਾਰ ਨੂੰ ਤੁਰਕੀ ਤੋਂ ਫੌਜੀ ਕਾਰਵਾਈ ਬੰਦ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਤੋਂ ਆਈ.ਐਸ. ਅੱਤਵਾਦੀ ਬਚ ਕੇ ਨਿਕਲ ਸਕਦੇ ਹਨ ਅਤੇ ਕੌਮਾਂਤਰੀ ਅੱਤਵਾਦ ਵਿਰੋਧੀ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਇਥੇ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਸੀਰੀਆ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ, ਏਕਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਤੁਰਕੀ ਤੋਂ ਫੌਜੀ ਕਾਰਵਾਈ ਬੰਦ ਕਰਨ ਅਤੇ ਰਾਜਨੀਤਕ ਹੱਲ ਦੇ ਸਹੀ ਰਸਤੇ 'ਤੇ ਪਰਤਣ ਦੀ ਅਪੀਲ ਕਰਦੇ ਹਾਂ। ਪਾਕਿਸਤਾਨ ਨੇ ਸੀਰੀਆ ਵਿਚ ਕੁਰਦਿਸ਼ ਦਸਤਿਆਂ ਖਿਲਾਫ ਤੁਰਕੀ ਦੀ ਕਾਰਵਾਈ ਦੀ ਹਮਾਇਤ ਕੀਤੀ ਹੈ। ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਐਰਦੋਗਨ ਇਸ ਮਹੀਨੇ ਬਾਅਦ ਵਿਚ ਇਸਲਾਮਾਬਾਦ ਜਾ ਸਕਦੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦਫਤਰ ਵਲੋਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਦੀ ਹਮਾਇਤ ਜਤਾਉਣ ਲਈ ਐਰਦੋਗਨ ਨੂੰ ਫੋਨ ਕੀਤਾ।


Sunny Mehra

Content Editor

Related News