ਚੀਨ ਅਤੇ ਪਾਕਿਸਤਾਨ ’ਚ ‘ਮਤਲਬ ਦੀ ਯਾਰੀ’
Tuesday, Aug 11, 2020 - 09:35 AM (IST)
ਜਲੰਧਰ, (ਵਿਸ਼ੇਸ਼)- ਸਾਡੇ ਗੁਆਂਢੀ ਦੇਸ਼ ਚੀਨ ਦੇ ਦੁਨੀਆ ਦੇ ਵੱਡੇ ਦੇਸ਼ਾਂ ਨਾਲ ਖਰਾਬ ਹੁੰਦੇ ਰਿਸ਼ਤਿਆਂ ਦੀ ਇਸ ਸੀਰੀਜ਼ ’ਚ ਅੱਜ ਅਸੀਂ ਚੀਨ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਗੱਲ ਕਰਾਂਗੇ। ਇਨ੍ਹਾਂ ਦੋਨਾਂ ਦੇਸ਼ਾਂ ਦਾ ਰਿਸ਼ਤਾ ਪਾਕਿਸਤਾਨ ਅਤੇ ਚੀਨ ਦੇ ਨਾਲ-ਨਾਲ ਭਾਰਤ ਲਈ ਵੀ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਭਾਰਤ ਬੀਤੇ ਸਮੇਂ ’ਚ ਦੋਨਾਂ ਦੇਸ਼ਾਂ ਨਾਲ ਫੌਜੀ ਸੰਘਰਸ਼ ’ਚ ਸ਼ਾਮਲ ਰਿਹਾ ਹੈ ਅਤੇ ਹਾਲ ਦੇ ਦਿਨਾਂ ’ਚ ਦੋਨਾਂ ਦੇਸ਼ਾਂ ਨਾਲ ਭਾਰਤ ਦੇ ਰਿਸ਼ਤੇ ਚੰਗੇ ਨਹੀਂ ਹਨ, ਪਰ ਇਨ੍ਹਾਂ ਦੋਨਾਂ ਦੇਸ਼ਾਂ ਵਿਚਾਲੇ ਅੱਜ ਵੀ ਚੰਗਾ ਤਾਲਮੇਲ ਹੈ। ਹਾਲਾਂਕਿ ਇਹ ਦੋਸਤੀ ਇਕ-ਦੂਸਰੇ ਦਾ ਹਿੱਤ ਸਾਧਣ ਲਈ ਹੀ ਹੈ। ਪਾਕਿਸਤਾਨ ਅਤੇ ਚੀਨ ਦਾ ਰਿਸ਼ਤਾ ਕਿਸੇ ਵਿਚਾਰਧਾਰਾ ’ਤੇ ਆਧਾਰਿਤ ਹੋਣ ਦੀ ਥਾਂ ‘ਮਤਲਬ ਦੀ ਯਾਰੀ’ ਵਾਲਾ ਜ਼ਿਆਦਾ ਹੈ।
ਕਸ਼ਮੀਰ ’ਤੇ ਪਾਕਿ ਨੂੰ ਚੀਨ ਦਾ ਸਮਰਥਨ
ਪਾਕਿਸਤਾਨ ਦੁਨੀਆ ਭਰ ’ਚ ਖੁਦ ਨੂੰ ਇਸਲਾਮ ਦਾ ਮੋਹਤਬਰ ਦੱਸਦਾ ਹੈ ਉਸਨੂੰ ਕਸ਼ਮੀਰ ਦੇ ਮੁਸਲਮਾਨਾਂ ਦੀ ਹਮੇਸ਼ਾ ਚਿੰਤਾ ਰਹਿੰਦੀ ਹੈ, ਪਰ ਚੀਨ ਦੇ ਉਈਗਰ ਮੁਸਲਮਾਨਾਂ ’ਤੇ ਹੋ ਰਹੇ ਅੱਤਿਆਚਾਰ ਨੂੰ ਉਹ ਇਸ ਲਈ ਨਜ਼ਰਅੰਦਾਜ਼ ਕਰਦਾ ਹੈ ਕਿਉਂਕਿ ਚੀਨ ਨਾਲ ਉਸਦੇ ਵਿੱਤੀ ਅਤੇ ਰਣਨੀਤਕ ਹਿੱਤ ਜੁੜੇ ਹਨ। ਪਾਕਿਸਤਾਨ ਮੂਲ ਰੂਪ ਨਾਲ ਧਰਮ ਦੇ ਆਧਾਰ ’ਤੇ ਬਣਿਆ ਇਸਲਾਮਿਕ ਰਾਸ਼ਟਰ ਹੈ ਜਦਕਿ ਚੀਨ ਮੋਟੇ ਤੌਰ ’ਤੇ ਇਕ ਨਾਸਤਿਕ ਦੇਸ਼ ਹੈ ਜਿਸਦੀ ਪਾਕਿਸਤਾਨ ਨਾਲ ਕੋਈ ਵਿਚਾਰਧਾਰਕ ਸਮਾਨਤਾ ਨਹੀਂ ਹੈ, ਪਰ ਇਤਿਹਾਸ ਗਵਾਹ ਹੈ ਕੀ ਚੀਨ ਨੇ ਪਾਕਿਸਤਾਨ ਦੇ ਕਸ਼ਮੀਰ ’ਤੇ ਦਾਅਵੇ ਦਾ ਹਮੇਸ਼ਾ ਸਮਰਥਨ ਕੀਤਾ ਹੈ। ਬਦਲੇ ’ਚ ਪਾਕਿਸਤਾਨ ਨੇ ਤਿੱਬਤ ਅਤੇ ਤਾਈਵਾਨ ’ਤੇ ਚੀਨ ਦੇ ਦਾਅਵੇ ਦਾ ਸਮਰਥਨ ਕੀਤਾ। ਪਿਛਲੇ ਸਾਲ ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਹੈਰਾਨ-ਪ੍ਰੇਸ਼ਾਨ ਹੈ, ਪਰ ਉਸਨੂੰ ਮਲੇਸ਼ੀਆ ਤੋਂ ਇਲਾਵਾ ਕਿਤੋਂ ਵੀ ਸਮਰਥਨ ਨਹੀਂ ਮਿਲ ਰਿਹਾ ਹੈ। 5 ਅਗਸਤ ਨੂੰ ਆਰਟੀਕਲ 370 ਦੀ ਸਮਾਪਤੀ ਨੂੰ ਇਕ ਸਾਲ ਪੂਰਾ ਹੋਇਆ ਤਾਂ ਪਾਕਿਸਤਾਨ ਨੇ ਕਸ਼ਮੀਰ ਦੇ ਮੁੱਦੇ ’ਤੇ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੀ ਮੰਗ ਕਰ ਦਿੱਤੀ ਜਿਸਦਾ ਚੀਨ ਨੇ ਸਮਰਥਨ ਕੀਤਾ। ਚੀਨ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਨੇ ਭਾਰਤੀ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤਾ ਜੋ ਕਿ ਗੈਰ-ਕਾਨੂੰਨੀ ਸੀ ਅਤੇ ਇਸ ਨਾਲ ਖੇਤਰ ’ਚ ਤਨਾਅ ਵਧਿਆ ਹੈ ਅਤੇ ਇਕ ਸਾਲ ਤੋਂ ਬਾਅਦ ਵੀ ਤਨਾਅ ਘਟ ਨਹੀਂ ਹੋਇਆ ਹੈ।
ਕਰਜ਼ਾ ਚੁਕਾਉਣ ਲਈ ਇਕ ਅਰਬ ਡਾਲਰ ਦੀ ਮਦਦ
ਹਾਲ ਦੇ ਦਿਨਾਂ ’ਚ ਜਦੋਂ ਪਾਕਿਸਤਾਨ ਨੂੰ ਚੀਨ ਦੇ ਸਮਰਥਨ ਦੀ ਲੋੜ ਸੀ ਤਾਂ ਚੀਨ ਨੇ ਉਸਨੂੰ ਨਿਰਾਸ਼ ਨਹੀਂ ਕੀਤਾ। ਪਾਕਿ ਨੂੰ ਸਾਊਦੀ ਅਰਬ ਦਾ ਕਰਜ਼ਾ ਚੁਕਾਉਣ ਲਈ ਇਕ ਅਰਬ ਡਾਲਰ ਦੀ ਲੋੜ ਪਈ ਤਾਂ ਚੀਨ ਨੇ ਫਟਾਫਟ ਉਸਨੂੰ ਇਹ ਰਕਮ ਦੇ ਦਿੱਤੀ। ਦਰਅਸਲ, ਪਾਕਿਸਤਾਨ ਚਾਹੁੰਦਾ ਹੈ ਕਿ ਇਸ ਮੁੱਦੇ ’ਚ ਚਰਚਾ ਲਈ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ (ਓ. ਆਈ. ਸੀ.) ਦੀ ਹੰਗਾਮੀ ਮੀਟਿੰਗ ਬੁਲਾਈ ਜਾਵੇ, ਪਰ ਸਾਊਦੀ ਅਰਬ ਅਤੇ ਯੂ. ਏ. ਈ. ਨੇ ਦੋਨੋਂ ਓ. ਆਈ. ਸੀ. ਮੀਟਿੰਗ ਬੁਲਾਉਣ ਅਤੇ ਇਸ ਮੁੱਦੇ ’ਤੇ ਵਿਚਾਰ ਲਈ ਤਿਆਰ ਨਹੀਂ ਹੈ। ਇਸ ਤੋਂ ਨਾਰਾਜ਼ ਪਾਕਿਸਤਾਨ ਸਾਊਦੀ ਅਰਬ ਦੇ ਵਿੱਤੀ ਕਰਜੇ ਤੋਂ ਵੀ ਮੁਕਤੀ ਚਾਹੁੰਦਾ ਹੈ ਅਤੇ ਚੀਨ ਹੁਣ ਪਾਕਿ ਦੇ ਮੁਸਲਿਮ ਵਰਲਡ ’ਚ ਇਕੱਲੇ ਪੈ ਜਾਣ ਦਾ ਫਾਇਦਾ ਉਠਾ ਰਿਹਾ ਹੈ। ਪਾਕਿਸਤਾਨ ਦੀ ਸਾਊਦੀ ’ਤੇ ਨਿਰਭਰਤਾ ਘੱਟ ਕਰਨ ਅਤੇ ਚੀਨ ’ਤੇ ਵਧਾਉਣ ਲਈ ਜਿਨਪਿੰਗ ਸਰਕਾਰ ਨੇ ਤੁਰੰਤ ਕਰਜ਼ਾ ਦੇ ਦਿੱਤਾ।
ਚੀਨੀ ਕਰਜ਼ੇ ’ਚ ਡੁੱਬਦਾ ਪਾਕਿਸਤਾਨ
ਆਰਥਿਕ ਤੌਰ ’ਤੇ ਦੀਵਾਲੀਆ ਹੋ ਚੁੱਕੇ ਪਾਕਿਸਤਾਨ ਨੂੰ ਪਹਿਲਾਂ ਅਮਰੀਕਾ ਦਾ ਸਹਾਰਾ ਹੁੰਦਾ ਸੀ, ਪਰ ਪਾਕਿ ਵਲੋਂ ਅੱਤਵਾਦੀਆਂ ਦੇ ਵਿੱਤ ਪੋਸ਼ਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਮਰੀਕਾ ਦਾ ਪਾਕਿ ’ਤੇ ਭਰੋਸਾ ਘੱਟ ਹੋਇਆ ਤਾਂ ਚੀਨ ਨੇ ਉਸਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਚੀਨ ਆਪਣੇ ਵਪਾਰਕ ਹਿੱਤ ਸਾਧਣ ਲਈ ਪਾਕਿਸਤਾਨ ਦੀ ਵਰਤੋਂ ਕਰ ਰਿਹਾ ਹੈ ਅਤੇ ਚੀਨੀ ਕਰਜ਼ੇ ’ਚ ਡੁੱਬੇ ਪਾਕਿਸਤਾਨ ਨੂੰ ਰੁਜ਼ਗਾਰ ਦੀ ਲੋੜ ਹੈ। ਲਿਹਾਜਾ ਉਹ ਆਪਣੇ ਦੇਸ਼ ’ਚ ਚੀਨੀ ਨਿਵੇਸ਼ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸੇ ਸਿਲਸਿਲੇ ’ਚ ਚੀਨ ਨੇ ਚਾਈਨਾ-ਪਾਕਿਸਤਾਨ ਇਕਨਾਮਿਕ ਕੋਰੀਡੋਰ (ਸੀਪੇਕ) ਦਾ ਨਿਰਮਾਣ ਸ਼ੁਰੂ ਕੀਤਾ ਹੈ। ਇਹ ਪ੍ਰਾਜੈਕਟ ਚੀਨ ਦੇ ਮਹੱਤਵਪੂਰਨ ਬੈਲਟ ਅਤੇ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ਦੇ ਤਹਿਤ ਬਣਾਏਜਾ ਰਹੇ ਵਪਾਰਕ ਨੈੱਟਵਰਕ ਦਾ ਹਿੱਸਾ ਹੈ। ਸੀਪੇਕ ਦੇ ਤਹਿਤ ਪਾਕਿਸਤਾਨ ’ਚ ਇੰਫਰਾਸਟ੍ਰੈਕਚਰ ਨਾਲ ਜੁੜੇ ਕਈ ਪ੍ਰਾਜੈਕਟ ਚਲ ਰਹੇ ਹਨ, ਜਿਨ੍ਹਾਂ ਵਿਚ ਚੀਨ ਦਾ 62 ਅਰਬ ਡਾਲਰ ਦਾ ਨਿਵੇਸ਼ ਹੈ। ਚੀਨ ਨੇ ਇਸ ਤਰ੍ਹਾਂ ਨਾਲ ਸ਼੍ਰੀਲੰਕਾ ’ਚ ਹੰਬਨਤੋਤਾ ਨੂੰ ਵਿਕਸਤ ਬਣਾਉਣ ਲਈ ਨਿਵੇਸ਼ ਕੀਤਾ ਸੀ, ਪਰ ਸੈਰ-ਸਪਾਟਾ ਅਤੇ ਕਾਰੋਬਾਰ ਦੀ ਕਮੀ ਕਾਰਣ ਸ਼੍ਰੀਲੰਕਾ ਦੇ ਸਿਰ ’ਤੇ ਚੀਨ ਦਾ ਇਕ ਵੱਡਾ ਕਰਜ਼ਾ ਹੋ ਗਿਆ। ਇਹ ਕਰਜ਼ਾ ਚੁਕਾਉਣ ਲਈ ਹੰਬਨਤੋਤਾ ਬੰਦਰਗਾਹ ਦੇ 70 ਫੀਸਦੀ ਹਿੱਸੇ ਦੀ ਲੀਜ ਹੁਣ 99 ਸਾਲ ਲਈ ਚੀਨ ਕੋਲ ਹੈ। ਇਹ ਸੰਭਵ ਹੈ ਕਿ ਪਾਕਿਸਤਾਨ ਵੀ ਕਰਜ਼ੇ ਦੇ ਅਜਿਹੇ ਦੀ ਜਾਲ ’ਚ ਫਸ ਜਾਵੇ।
ਮਸੂਦ ਅਜ਼ਹਰ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ
ਦੁਨੀਆ ਭਰ ’ਚ ਅੱਤਵਾਦ ਦੀ ਫੈਕਟਰੀ ਦਾ ਮਾਸਟਰ ਮਾਈਂਡ ਪਾਕਿਸਤਾਨੀ ਅੱਤਵਾਦੀ ਮਸੂਦ ਅਜ਼ਹਰ ਨੂੰ ਬਚਾਉਣ ’ਚ ਵੀ ਚੀਨ ਨੇ ਕੋਈ ਕਸਰ ਨਹੀਂ ਛੱਡੀ ਅਤੇ ਇਸ ਮਾਮਲੇ ’ਚ ਪਾਕਿਸਤਾਨ ਦਾ ਪੂਰਾ ਸਾਥ ਦਿੱਤਾ। ਸਮੂਦ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਸੰਯੁਕਤ ਰਾਸ਼ਟਰ (ਯੂ. ਐੱਨ.) ’ਚ ਲਾਏ ਗਏ ਪ੍ਰਸਤਾਵ ’ਤੇ ਚੀਨ ਪੰਗਾ ਪਾਉਂਦਾ ਰਿਹਾ ਅਤੇ 4 ਵਾਰ ਵੀਟੋ ਲਗਾਇਆ। ਹਾਲਾਂਕਿ ਪਿਛਲੇ ਸਾਲ ਆਖਿਰਕਾਰ ਚੀਨ ਨੂੰ ਇਸ ਮਾਮਲੇ ’ਚ ਆਪਣਾ ਰੁਖ਼ ਬਦਲਣਾ ਪਿਆ ਅਤੇ ਸੰਯੁਕਤ ਰਾਸ਼ਟਰ ਵਲੋਂ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕੀਤੇ ਜਾਣ ਕਾਰਣ ਭਾਰਤ ਦੀ ਵੱਡੀ ਕੂਟਨੀਤਕ ਜਿੱਤ ਹੋਈ, ਪਰ ਇਸ ਮਾਮਲੇ ’ਚ ਚੀਨ ਨੇ ਉਸਨੂੰ ਬਚਾਉਣ ਦੀ ਅਖੀਰ ਤਕ ਪੂਰੀ ਕੋਸ਼ਿਸ਼ ਕੀਤੀ।