ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਚੀਨ ਨੇ ਸਹਾਇਤਾ ਰਾਸ਼ੀ ਵਜੋਂ ਵੰਡੇ 4 ਅਰਬ ਡਾਲਰ

Thursday, Jan 30, 2020 - 05:28 PM (IST)

ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਚੀਨ ਨੇ ਸਹਾਇਤਾ ਰਾਸ਼ੀ ਵਜੋਂ ਵੰਡੇ 4 ਅਰਬ ਡਾਲਰ

ਬੀਜਿੰਗ- ਚੀਨ ਨੇ ਖਤਰਨਾਕ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਵਧਾਉਣ ਲਈ ਵੀਰਵਾਰ ਨੂੰ ਚਾਰ ਅਰਬ ਡਾਲਰ ਦੀ ਰਾਸ਼ੀ ਵੰਡੀ ਹੈ, ਉਥੇ ਹੀ ਜੈਕ ਮਾ, ਬਿਲ ਐਂਡ ਮੇਲਿੰਡਾ ਗੇਟਸ ਦੇ ਸੰਗਠਨ ਵੀ ਇਸ ਦੌਰਾਨ ਮਦਦ ਕਰ ਰਹੇ ਹਨ। ਇਸ ਜਾਨਲੇਵਾ ਵਾਈਰਸ ਨਾਲ ਚੀਨ ਵਿਚ ਹੁਣ ਤੱਕ 170 ਲੋਕਾਂ ਦੀ ਮੌਤ ਹੋ ਗਈ ਹੈ।

ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਵਿਚ ਦਸੰਬਰ ਮਹੀਨੇ ਕੋਰੋਨਾਵਾਇਰਸ ਦਾ ਕਹਿਰ ਸ਼ੁਰੂ ਹੋਇਆ ਸੀ ਤੇ ਹੁਣ ਪੂਰੇ ਦੇਸ਼ ਵਿਚ ਇਸ ਦੇ ਮਾਮਲੇ ਦੇਖੇ ਜਾ ਰਹੇ ਹਨ। ਚੀਨ ਦੇ ਅਧਿਕਾਰੀ ਇਸ ਆਪਦਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਭਾਰਤ ਸਣੇ ਕਈ ਹੋਰ ਦੇਸ਼ ਵੁਹਾਨ ਤੇ ਹੁਬੇਈ ਸੂਬੇ ਦੇ ਹੋਰ ਸ਼ਹਿਰਾਂ ਵਿਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਵੀਰਵਾਰ ਨੂੰ ਦੱਸਿਆ ਕਿ 38 ਹੋਰ ਲੋਕਾਂ ਦੀ ਮੌਤ ਦੇ ਨਾਲ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 170 ਹੋ ਗਈ ਹੈ, ਉਥੇ ਹੀ ਇਸ ਦੇ ਮਰੀਜ਼ਾਂ ਦੀ ਗਿਣਤੀ 7711 ਦੱਸੀ ਜਾ ਰਹੀ ਹੈ। ਵਿੱਤ ਮੰਤਰਾਲਾ ਨੇ ਕਿਹਾ ਕਿ ਚੀਨ ਨੇ ਕੋਰੋਨਾਵਾਇਰਸ ਦੇ ਖਿਲਾਫ ਪੂਰੇ ਦੇਸ਼ ਵਿਚ ਲੜਾਈ ਛੇੜਨ ਦੇ ਲਈ 27.3 ਅਰਬ ਯੂਆਨ (ਤਕਰੀਬਨ 3.94 ਅਰਬ ਡਾਲਰ) ਦੀ ਰਾਸ਼ੀ ਵੰਡੀ ਹੈ।

ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਕੋਰੋਨਾਵਾਇਰਸ ਦੀ ਰੋਕਥਾਮ ਤੇ ਉਸ 'ਤੇ ਕੰਟਰੋਲ ਦੇ ਲਈ ਉਪਾਅ ਤੇਜ਼ ਕਰਨੇ ਹੋਣਗੇ। ਸਿਨਹੂਆ ਦੇ ਮੁਤਾਬਕ ਸਰਕਾਰ ਨੇ ਵਾਇਰਸ ਰੋਗੀਆਂ ਦੇ ਨਾਲ ਸੰਪਰਕ ਵਿਚ ਰਹਿੰਦੇ ਹੋਏ ਕੰਮ ਕਰ ਰਹੇ ਡਾਕਟਰਾਂ ਦੇ ਲਈ 300 ਯੂਆਨ ਦੀ ਵਿਸ਼ੇਸ਼ ਰੋਜ਼ਾਨਾ ਸਬਸਿਡੀ ਦਾ ਐਲਾਨ ਵੀ ਕੀਤਾ ਹੈ। ਇਸ ਵਿਚਾਲੇ ਕੋਰੋਨਾਵਾਇਰਸ 'ਤੇ ਕੰਟਰੋਲ ਲਈ ਟੀਕੇ ਵਿਕਸਿਤ ਕਰਨ ਲਈ ਖੋਜ ਕੇਂਦਰ ਵਧਾਉਣ ਲਈ ਵੀ ਰਾਸ਼ੀ ਦਿੱਤੀ ਜਾ ਰਹੀ ਹੈ। ਖਬਰਾਂ ਮੁਤਾਬਕ ਚੀਨ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਲੀਬਾਬਾ ਸੰਸਥਾਪਕ ਜੈਕ ਮਾ ਨੇ ਆਪਣੇ ਜੈਕ ਮਾ ਫਾਊਂਡੇਸ਼ਨ ਦੇ ਰਾਹੀਂ ਕੋਰੋਨਾਵਾਇਰਸ ਦੀ ਟੀਕਾ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਮਦਦ ਲਈ 1.4 ਕਰੋੜ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ। ਬਿੱਲ ਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਚੀਨ ਤੇ ਅਫਰੀਕਾ ਵਿਚ ਇਕ ਕਰੋੜ ਡਾਲਰ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। 


author

Baljit Singh

Content Editor

Related News