ਚੀਨ : ਇਕ ਦਿਨ ''ਚ 242 ਮੌਤਾਂ, ਮ੍ਰਿਤਕਾਂ ਦੀ ਗਿਣਤੀ 1,300 ਤੋਂ ਵੱਧ ਹੋਈ

02/13/2020 9:19:38 AM

ਬੀਜਿੰਗ— ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨੀ ਸਿਹਤ ਅਧਿਕਾਰੀਆਂ ਮੁਤਾਬਕ ਹੁਬੇਈ ਸੂਬੇ 'ਚ ਇਕ ਦਿਨ 'ਚ 242 ਲੋਕਾਂ ਦੀ ਮੌਤ ਹੋ ਗਈ ਤੇ ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 1300 ਤੋਂ ਪਾਰ ਹੋ ਗਈ। ਹੁਣ ਤਕ 48,206 ਲੋਕਾਂ ਦੇ ਵਾਇਰਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਹੂਬੇਈ ਸੂਬਾ ਇਸ ਬੀਮਾਰੀ ਦਾ ਗੜ੍ਹ ਬਣ ਗਿਆ ਹੈ, ਜਿਸ ਤੋਂ ਇਹ ਵਾਇਰਸ ਦੁਨੀਆ ਭਰ 'ਚ ਫੈਲ ਗਿਆ ਹੈ।

ਲਗਭਗ 25 ਦੇਸ਼ਾਂ 'ਚ ਇਸ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਪਛਾਣ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਰਨ ਕਈ ਥਾਵਾਂ 'ਤੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ ਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।
ਬਹੁਤ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਭਾਰਤ ਨੇ ਵੀ ਇੱਥੇ ਫਸੇ ਆਪਣੇ ਕਈ ਵਿਦਿਆਰਥੀਆਂ ਨੂੰ ਭਾਰਤ ਵਾਪਸ ਲੈ ਆਉਂਦਾ ਸੀ। ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਲੋਕਾਂ ਨੂੰ ਹਰ ਸਮੇਂ ਮਾਸਕ ਪਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ ਤੇ ਕਈ ਲੋਕਾਂ ਦੇ ਚਿਹਰੇ ਵੀ ਲਗਾਤਾਰ ਮਾਸਕ ਪਾਉਣ ਕਾਰਨ ਖਰਾਬ ਹੋ ਗਏ ਹਨ। ਬੀਤੇ ਦਿਨ ਇਹ ਵੀ ਖਬਰ ਆਈ ਸੀ ਕਿ ਚੀਨ ਦੇ ਡਾਕਟਰਾਂ ਕੋਲ ਮਾਸਕ ਤੇ ਸੁਰੱਖਿਆ ਸੂਟਾਂ ਦੀ ਕਮੀ ਆ ਗਈ ਹੈ ਹਾਲਾਂਕਿ ਕੁੱਝ ਦਿਨ ਪਹਿਲਾਂ ਕਈ ਦੇਸ਼ਾਂ ਨੇ ਚੀਨ ਨੂੰ ਇਹ ਸਾਮਾਨ ਭੇਜਿਆ ਸੀ। ਵਿਦੇਸ਼ਾਂ 'ਚ ਰਹਿ ਰਹੇ ਚੀਨੀ ਲੋਕ ਵੀ ਆਪਣੇ ਦੇਸ਼ ਨੂੰ ਦਵਾਈਆਂ ਆਦਿ ਦੀ ਮਦਦ ਭੇਜ ਰਹੇ ਹਨ।


Related News