ਜਿਨਪਿੰਗ ਦੀ ਚਿਤਾਵਨੀ, ਕਿਹਾ-''ਚੀਨ ਨੂੰ ਵੰਡਣ ਦੀ ਕੋਸ਼ਿਸ ਕਰਨ ਵਾਲੇ ਨੂੰ ਕੁਚਲ ਦੇਵਾਂਗੇ''

10/14/2019 11:17:23 AM

ਬੀਜਿੰਗ (ਬਿਊਰੋ)— ਚੀਨ ਵਿਰੁੱਧ ਬੀਤੇ 4 ਮਹੀਨੇ ਤੋਂ ਹਾਂਗਕਾਂਗ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚਿਤਾਵਨੀ ਦਿੱਤੀ ਹੈ। ਜਿਨਪਿੰਗ ਨੇ ਐਤਵਾਰ ਨੂੰ ਕਿਹਾ,''ਚੀਨ ਨੂੰ ਤੋੜਨ ਦੀ ਕਿਸੇ ਵੀ ਕੋਸ਼ਿਸ਼ ਦਾ ਨਤੀਜਾ ਹੋਵੇਗਾ ਕਿ ਉਨ੍ਹਾਂ ਲੋਕਾਂ ਦੀਆਂ ਹੱਡੀਆਂ ਤੋੜ ਕੇ ਪਾਊਡਰ ਬਣਾ ਦਿੱਤਾ ਜਾਵੇਗਾ।'' ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਜਿਨਪਿੰਗ ਨੇ ਨੇਪਾਲ ਦੀ ਆਪਣੀ ਹਫਤੇ ਦੀ ਅਖੀਰ ਵਿਚ ਯਾਤਰਾ ਦੌਰਾਨ ਇਹ ਸਖਤ ਸੰਦੇਸ਼ ਜਾਰੀ ਕੀਤਾ। 

ਮੰਤਰਾਲੇ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ,''ਜਿਹੜਾ ਕੋਈ ਵੀ ਚੀਨ ਤੋਂ ਕਿਸੇ ਵੀ ਖੇਤਰ ਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰੇਗਾ, ਉਹ ਮਾਰਿਆ ਜਾਵੇਗਾ। ਉਸ ਦੇ ਸਰੀਰ ਨੂੰ ਤੋੜ ਦਿੱਤਾ ਜਾਵੇਗਾ ਅਤੇ ਹੱਡਿਆਂ ਦਾ ਪਾਊਡਰ ਬਣਾ ਦਿੱਤਾ ਜਾਵੇਗਾ।'' ਜਿਨਪਿੰਗ ਨੇ ਨੇਪਾਲ ਦੀ ਯਾਤਰਾ ਦੌਰਾਨ ਕਿਹਾ,''ਕੋਈ ਵੀ ਬਾਹਰੀ ਤਾਕਤ, ਜੋ ਚੀਨ ਦੀ ਵੰਡ ਦਾ ਸਮਰਥਨ ਕਰਦੀ ਹੈ, ਉਸ ਨੂੰ ਚੀਨੀ ਲੋਕਾਂ ਵੱਲੋਂ ਸਿਰਫ ਭਰਮ ਮੰਨਿਆ ਜਾ ਸਕਦਾ ਹੈ।'' ਭਾਵੇਂਕਿ ਜਿਨਪਿੰਗ ਨੇ ਕਿਸੇ ਵੀ ਖੇਤਰ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਦੀ ਟਿੱਪਣੀ ਐਤਵਾਰ ਨੂੰ ਹਾਂਗਕਾਂਗ ਵਿਚ ਪੁਲਸ ਅਤੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਵਿਚ ਹੋਏ ਸੰਘਰਸ਼ ਅਤੇ ਸਵੈ-ਸ਼ਾਸਿਤ ਤਾਈਵਾਨ ਦੇ ਨਾਲ ਹੋਏ ਤਣਾਅ ਵਿਚ ਆਈ ਹੈ। 

ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਰੋਕਣ, ਰੇਲ ਪਟੜੀਆਂ 'ਤੇ ਭੰਨ-ਤੋੜ ਕਰਨ ਅਤੇ ਚੀਨ ਸਮਰਥਕ ਕਾਰੋਬਾਰਾਂ ਨੂੰ ਕੁਚਲਣ ਦੇ ਨਾਲ ਵਿੱਤੀ ਹਬ ਦੇ ਕਈ ਇਲਾਕਿਆਂ ਵਿਚ ਰੈਲੀਆਂ ਕੀਤੀਆਂ। ਚੀਨ ਨੇ ਅਰਧ-ਖੁਦਮੁਖਤਿਆਰੀ ਸ਼ਹਿਰ ਹਾਂਗਕਾਂਗ ਵਿਚ ਅਸ਼ਾਂਤੀ ਨੂੰ ਵਧਾਵਾ ਦੇਣ ਲਈ ਬਾਹਰੀ ਤਾਕਤਾਂ 'ਤੇ ਦੋਸ਼ ਲਗਾਇਆ। ਜ਼ਿਕਰਯੋਗ ਹੈ ਕਿ ਹਾਂਗਕਾਂਗ ਵਿਚ ਵਿਰੋਧੀ ਧਿਰ ਵੱਲੋਂ ਉਸ ਪ੍ਰਸਤਾਵ ਦੇ ਵਿਰੋਧ ਵਿਚ ਪ੍ਰਦਰਸ਼ਨ ਸ਼ੁਰੂ ਹੋਏ ਸਨ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਕਿਸੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਨੂੰ ਚੀਨ ਨੂੰ ਸੌਂਪ ਦਿੱਤਾ ਜਾਵੇਗਾ। ਇਸ ਪ੍ਰਸਤਾਵ ਨੂੰ ਹੁਣ ਖਾਰਿਜ ਕਰ ਦਿੱਤਾ ਗਿਆ ਹੈ ਪਰ ਲੋਕਤੰਤਰ ਦੇ ਸਮਰਥਨ ਅਤੇ ਪੁਲਸ ਦੀ ਜਵਾਬਦੇਹੀ ਨੂੰ ਲੈ ਕੇ ਇਹ ਇਕ ਵੱਡੇ ਅੰਦੋਲਨ ਦੇ ਰੂਪ ਵਿਚ ਸਾਹਮਣੇ ਆਇਆ ਹੈ। 

ਹੁਣ ਚਿੰਤਾ ਇਸ ਗੱਲ ਦੀ ਜ਼ਾਹਰ ਕੀਤੀ ਜਾ ਰਹੀ ਹੈ ਕਿ ਹਾਂਗਕਾਂਗ ਵਿਚ ਚੱਲ ਰਹੀ ਅਸ਼ਾਂਤੀ ਨੂੰ ਖਤਮ ਕਰਨ ਲਈ ਚੀਨ ਆਪਣੇ ਫੌਜੀ ਭੇਜ ਸਕਦਾ ਹੈ। ਉੱਧਰ ਚੀਨ ਦਾ ਕਹਿਣਾ ਹੈ ਕਿ ਉਸ ਦਾ ਮੰਨਣਾ ਹੈ ਕਿ ਹਾਂਗਕਾਂਗ ਪੁਲਸ ਬਲ ਵਿਰੋਧ ਪ੍ਰਦਰਸ਼ਨਾਂ ਨੂੰ ਸੰਭਾਲਣ ਵਿਚ ਸਮਰੱਥ ਹੈ।


Vandana

Content Editor

Related News