ਚੀਨ: 17 ਬੱਚਿਆਂ ਦੀ ਤਸਕਰੀ ਦੀ ਦੋਸ਼ੀ ਔਰਤ ਨੂੰ ਦਿੱਤੀ ਗਈ ਫਾਂਸੀ
Friday, Feb 28, 2025 - 06:13 PM (IST)

ਬੀਜਿੰਗ (ਏਜੰਸੀ)- ਦੱਖਣ-ਪੱਛਮੀ ਗੁਈਝੋਉ ਸੂਬੇ ਦੇ ਗੁਈਯਾਂਗ ਵਿੱਚ ਲਗਭਗ ਇੱਕ ਦਹਾਕੇ ਵਿਚ 17 ਬੱਚਿਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੀ ਤਸਕਰੀ ਕਰਨ ਦੀ ਦੋਸ਼ੀ ਇੱਕ ਚੀਨੀ ਔਰਤ ਨੂੰ ਸ਼ੁੱਕਰਵਾਰ ਨੂੰ ਫਾਂਸੀ ਦੇ ਦਿੱਤੀ ਗਈ। ਇਕ ਸਰਕਾਰੀ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਯੂ ਹੁਆਇੰਗ (62) 'ਤੇ 1993 ਅਤੇ 2003 ਦੇ ਵਿਚਕਾਰ ਗੁਈਝੌ, ਚੋਂਗਕਿੰਗ ਅਤੇ ਯੂਨਾਨ ਸਮੇਤ ਕਈ ਖੇਤਰਾਂ ਵਿੱਚ ਬੱਚਿਆਂ ਦੀ ਤਸਕਰੀ ਕਰਨ ਲਈ ਦੂਜਿਆਂ ਨਾਲ ਸਾਜ਼ਿਸ਼ ਰਚਣ ਦਾ ਦੋਸ਼ ਸੀ।
ਸੁਪਰੀਮ ਪੀਪਲਜ਼ ਕੋਰਟ ਵੱਲੋਂ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇਣ ਤੋਂ ਬਾਅਦ, ਗੁਈਝੌ ਸੂਬੇ ਦੀ ਗੁਈਯਾਂਗ ਇੰਟਰਮੀਡੀਏਟ ਪੀਪਲਜ਼ ਕੋਰਟ ਨੇ ਮੌਤ ਦੀ ਸਜ਼ਾ ਦੀ ਪ੍ਰਕਿਰਿਆ ਪੂਰੀ ਕੀਤੀ। ਗੁਈਯਾਂਗ ਅਦਾਲਤ ਨੇ 25 ਅਕਤੂਬਰ, 2024 ਨੂੰ ਦੋਸ਼ੀ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਉਸਦੀ ਨਿੱਜੀ ਜਾਇਦਾਦ ਜ਼ਬਤ ਕਰਨ ਅਤੇ ਜੀਵਨ ਭਰ ਲਈ ਉਸਦੇ ਰਾਜਨੀਤਿਕ ਅਧਿਕਾਰਾਂ ਤੋਂ ਵਾਂਝੇ ਕਰਨ ਦਾ ਵੀ ਹੁਕਮ ਦਿੱਤਾ ਸੀ।
ਯੂ ਨੂੰ 2022 ਵਿੱਚ ਯਾਂਗ ਨਿਉਹੁਆ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਨਿਉਹੁਆ ਨੂੰ ਯੂ ਨੇ ਗੁਈਝੋਉ ਤੋਂ ਚੁੱਕਿਆ ਸੀ ਅਤੇ 1995 ਵਿੱਚ ਹੇਬੇਈ ਵਿੱਚ 2,500 ਯੂਆਨ (ਲਗਭਗ 30,000 ਭਾਰਤੀ ਰੁਪਏ) ਵਿੱਚ ਵੇਚ ਦਿੱਤਾ ਸੀ। ਚੀਨ ਕਈ ਸਾਲਾਂ ਤੋਂ ਸੰਗਠਿਤ ਗਿਰੋਹਾਂ ਦੁਆਰਾ ਬੱਚਿਆਂ ਦੇ ਅਗਵਾ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਜੋ ਉਨ੍ਹਾਂ ਨੂੰ ਭੀਖ ਮੰਗਣ ਅਤੇ ਅਪਰਾਧਿਕ ਗਤੀਵਿਧੀਆਂ ਲਈ ਬੇਔਲਾਦ ਜੋੜਿਆਂ ਨੂੰ ਵੇਚ ਦਿੰਦੇ ਹਨ।