ਚੀਨ ਦੀ ਦੋ ਟੁਕ-UN ਮਨੁੱਖੀ ਅਧਿਕਾਰ ਪ੍ਰਮੁੱਖ ਦਾ ਸ਼ਿਨਜਿਆਂਗ ’ਚ ਸਵਾਗਤ ਪਰ ਜਾਂਚ ਲਈ ਨਹੀਂ
Saturday, Jan 29, 2022 - 06:14 PM (IST)
ਬੀਜਿੰਗ: ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਮਿਸ਼ੇਲ ਬੈਚਲੇਟ ਦਾ ਸਰਦ ਰੁੱਤ ਓਲੰਪਿਕ ਤੋਂ ਬਾਅਦ ‘ਵਿਵਾਦਤ’ ਸ਼ਿਨਜਿਆਂਗ ਖੇਤਰ ਦੇ ਦੌਰੇ ਦਾ ਸਵਾਗਤ ਹੈ ਪਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ, ਨਾ ਕਿ ਅਪਰਾਧ ਦੀ ਧਾਰਨਾ ’ਤੇ ਅਧਾਰਿਤ ਜਾਂਚ ਲਈ। ਸ਼ਿਨਜਿਆਂਗ 'ਚ ਉਈਗਰ ਮੁਸਲਮਾਨਾਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੰਭੀਰ ਦੋਸ਼ ਲਾਏ ਗਏ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਇੱਕ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਯਾਤਰਾ ਲਈ ਸੱਦਾ ਬਹੁਤ ਪਹਿਲਾਂ ਭੇਜ ਦਿੱਤਾ ਹੈ ਅਤੇ ਦੋਵੇਂ ਧਿਰਾਂ ਲਗਾਤਾਰ ਪੱਤਰ ਵਿਹਾਰ ਕਰ ਰਹੀਆਂ ਹਨ।
ਝਾਓ ਨੇ ਕਿਹਾ, ''ਮੈਡਮ ਬੈਚਲੇਟ ਦੀ ਸ਼ਿਨਕਿੰਗ ਸਮੇਤ ਚੀਨ ਦੀ ਯਾਤਰਾ ਦਾ ਸੁਆਗਤ ਹੈ ਪਰ ਸਾਡੀ ਸਥਿਤੀ ਇਕਸਾਰ ਅਤੇ ਸਪੱਸ਼ਟ ਹੈ। ਦੌਰੇ ਦਾ ਉਦੇਸ਼ ਆਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ, ਨਾ ਕਿ ਅਪਰਾਧ ਦੀ ਧਾਰਨਾ ਨਾਲ ਜਾਂਚ ਕਰਨਾ।
ਹਾਲਾਂਕਿ ਬੁਲਾਰੇ ਨੇ ਮੀਡੀਆ ਰਿਪੋਰਟਾਂ ਬਾਰੇ ਪੁੱਛੇ ਗਏ ਸਵਾਲ ਦਾ ਸਿੱਧੇ ਤੌਰ 'ਤੇ ਜਵਾਬ ਨਹੀਂ ਦਿੱਤਾ, ਜਿਸ ’ਚ ਕਿਹਾ ਗਿਆ ਕਿ ਚੀਨ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਬੈਚਲੋਰੇਟ ਨੂੰ ਸ਼ਿਨਜਿਆਂਗ ਨਾਲ ਸਬੰਧਿਤ ਰਿਪੋਰਟ 4 ਫਰਵਰੀ ਨੂੰ ਹੋਣ ਵਾਲੀ ਸਰਦੀ ਓਲੰਪਿਕ ਦੇ ਉਦਘਾਟਨ ਸਮਾਗਮ ਤੋਂ ਪਹਿਲਾਂ ਜਾਰੀ ਨਹੀਂ ਕੀਤੀ ਜਾਣੀ ਚਾਹੀਦੀ। ਜ਼ਿਕਰਯੋਗ ਹੈ ਕਿ ਅਮਰੀਕੀ ਸਿਆਸਤਦਾਨਾਂ ਨੇ ਰਿਪੋਰਟ ਜਾਰੀ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ, ‘‘ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਸ਼ਿਨਜਿਆਂਗ ਵਿੱਚ ਆਰਥਿਕ ਵਿਕਾਸ ਅਤੇ ਸਮਾਜਿਕ ਵਿਵਸਥਾ ਮੌਜੂਦ ਹੈ ਅਤੇ ਲੋਕ ਆਪਣੇ ਮਨੁੱਖੀ ਅਧਿਕਾਰਾਂ ਦੇ ਨਾਲ ਸੁਖਮਈ ਜੀਵਨ ਬਿਤਾ ਰਹੇ ਹਨ। ਇਹ ਮਨੁੱਖੀ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ।’’ ਬੁਲਾਰੇ ਨੇ ਕਿਹਾ ਕਿ ਚੀਨ ਤੱਥਾਂ ਨੂੰ ਤੋੜ ਮਰੋੜ ਕੇ ਦੇਸ਼ ਨੂੰ ਬਦਨਾਮ ਕਰਨ ਲਈ ਸ਼ਿਨਜਿਆਂਗ ਦੀ ਵਰਤੋਂ ਕਰਨ ਦੀ ਰਣਨੀਤੀ ਦਾ ਸਖ਼ਤ ਵਿਰੋਧ ਕਰਦਾ ਹੈ। 4 ਫਰਵਰੀ ਨੂੰ ਸ਼ੁਰੂ ਹੋ ਰਹੇ ਵਿੰਟਰ ਓਲੰਪਿਕ ਦੇ ਉਦਘਾਟਨ ਸਮਾਗਮ ’ਚ ਵਿਸ਼ਵ ਦੇ ਨੇਤਾਵਾਂ ਨੂੰ ਜੋੜਨ ਦੇ ਕੂਟਨੀਤਕ ਯਤਨ ਜਾਰੀ ਹਨ, ਜਦੋਂਕਿ ਅਮਰੀਕਾ, ਯੂਰਪੀਅਨ ਸੰਘ ਅਤੇ ਕਈ ਪੱਛਮੀ ਦੇਸ਼ਾਂ ਨੇ ਸ਼ਿਨਜਿਆਂਗ ਸੂਬੇ ਵਿੱਚ ਲੱਖਾਂ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੇਖਾਂਕਿਤ ਕਰਨ ਦਾ ਫ਼ੈਸਲਾ ਕੀਤਾ ਸੀ।
ਉਦਘਾਟਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਤੋਂ ਇਲਾਵਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਕਈ ਰਾਜ ਅਤੇ ਸਰਕਾਰ ਦੇ ਮੁੱਖੀ ਚੀਨ ਨਾਲ ਆਪਣੀ ਇਕਜੁੱਟਤਾ ਦਿਖਾਉਣ ਲਈ ਬੀਜਿੰਗ ਪਹੁੰਚਣ ਵਾਲੇ ਹਨ। ਹਾਂਗਕਾਂਗ ਤੋਂ ਪ੍ਰਕਾਸ਼ਿਤ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਨੇ ਖ਼ਬਰ ਦਿੱਤੀ ਕਿ ਚੀਨ ਨੇ ਬੈਚਲੇਟ ਦੀ ਸ਼ਿਨਜਿਆਂਗ ਯਾਤਰਾ ਦੀ ਮੇਜ਼ਬਾਨੀ ’ਤੇ ਸਹਿਮਤੀ ਜਤਾਈ ਹੈ। ਉਨ੍ਹਾਂ ਦਾ ਇਹ ਦੌਰਾ ਵਿੰਟਰ ਓਲੰਪਿਕ ਤੋਂ ਬਾਅਦ ਸਾਲ ਦੇ ਪਹਿਲੇ ਅੱਧ ਵਿੱਚ ਹੋਵੇਗਾ।