ਚੀਨ ਨੇ ਤਾਈਵਾਨ ਖ਼ਿਲਾਫ਼ ਮੁੜ ਕੱਸਿਆ ਸ਼ਿਕੰਜਾ ! ਦੇਖੇ ਗਏ ਹਵਾਈ ਤੇ ਸਮੁੰਦਰੀ ਫੌਜੀ ਜਹਾਜ਼

Saturday, Aug 22, 2026 - 04:42 PM (IST)

ਚੀਨ ਨੇ ਤਾਈਵਾਨ ਖ਼ਿਲਾਫ਼ ਮੁੜ ਕੱਸਿਆ ਸ਼ਿਕੰਜਾ ! ਦੇਖੇ ਗਏ ਹਵਾਈ ਤੇ ਸਮੁੰਦਰੀ ਫੌਜੀ ਜਹਾਜ਼

ਇੰਟਰਨੈਸ਼ਨਲ ਡੈਸਕ- ਚੀਨ ਨੇ ਤਾਈਵਾਨ ਦੇ ਆਲੇ-ਦੁਆਲੇ ਆਪਣੀ ਫੌਜੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸੇ ਦੌਰਾਨ ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਸ਼ਨੀਵਾਰ ਸਵੇਰੇ 6 ਵਜੇ ਤੱਕ ਤਾਈਵਾਨ ਦੇ ਆਸ-ਪਾਸ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਦੇ 3 ਹਵਾਈ ਜਹਾਜ਼, 8 ਸਮੁੰਦਰੀ ਫੌਜੀ ਜਹਾਜ਼ ਅਤੇ 7 ਹੋਰ ਸਰਕਾਰੀ ਜਹਾਜ਼ ਦੇਖੇ ਗਏ ਹਨ।

ਤਾਈਵਾਨੀ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਐਕਸ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਨ ਦੇ ਤਿੰਨੋਂ ਹਵਾਈ ਜਹਾਜ਼ਾਂ ਨੇ ਤਾਈਵਾਨ ਸਟ੍ਰੇਟ ਦੀ ਮੱਧ ਰੇਖਾ ਨੂੰ ਪਾਰ ਕਰ ਕੇ ਤਾਈਵਾਨ ਦੇ ਉੱਤਰੀ ਅਤੇ ਦੱਖਣ-ਪੱਛਮੀ ਏਅਰਸਪੇਸ 'ਚ ਘੁਸਪੈਠ ਕੀਤੀ।

ਫਿਲਹਾਲ ਤਾਈਵਾਨੀ ਹਥਿਆਰਬੰਦ ਫੌਜਾਂ ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਤਾਈਵਾਨ ਦੇ ਨੇੜੇ ਚੀਨ ਦੇ 7 ਫੌਜੀ ਜਹਾਜ਼ ਅਤੇ 6 ਸਰਕਾਰੀ ਜਹਾਜ਼ ਦੇਖੇ ਗਏ ਸਨ ਤੇ ਵੀਰਵਾਰ ਨੂੰ ਚੀਨ ਦੇ 7 ਹਵਾਈ ਜਹਾਜ਼, 8 ਫੌਜੀ ਜਹਾਜ਼ ਅਤੇ 6 ਸਰਕਾਰੀ ਜਹਾਜ਼ ਇਲਾਕੇ 'ਚ ਗਸ਼ਤ ਕਰਦੇ ਦੇਖੇ ਗਏ ਸਨ, ਜਿਨ੍ਹਾਂ 'ਚੋਂ 5 ਜਹਾਜ਼ਾਂ ਨੇ ਤਾਈਵਾਨੀ ਏਅਰਸਪੇਸ 'ਚ ਪ੍ਰਵੇਸ਼ ਕੀਤਾ ਸੀ।

ਜ਼ਿਕਰਯੋਗ ਹੈ ਕਿ ਚੀਨ ਤਾਈਵਾਨ 'ਤੇ ਆਪਣਾ ਅਟੁੱਟ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ, ਜਦਕਿ ਤਾਈਵਾਨ ਆਪਣੀ ਵੱਖਰੀ ਪਛਾਣ ਰੱਖਦਾ ਹੈ ਅਤੇ ਆਪਣੀ ਖੁਦ ਦੀ ਸਰਕਾਰ, ਫੌਜ ਅਤੇ ਆਰਥਿਕ ਵਿਵਸਥਾ ਨਾਲ ਸੁਤੰਤਰ ਤੌਰ 'ਤੇ ਕੰਮ ਕਰਦਾ ਹੈ। ਤਾਈਵਾਨ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਹੀ ਚੀਨ ਇਸ ਦੇ ਆਲੇ ਦੁਆਲੇ ਫੌਜੀ ਕਾਰਵਾਈ ਨੂੰ ਤੇਜ਼ ਕਰਦਾ ਜਾ ਰਿਹਾ ਹੈ ਤੇ ਜਹਾਜ਼ਾਂ ਦੀ ਤਾਇਨਾਤੀ ਕਰ ਰਿਹਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ।


author

Harpreet SIngh

Content Editor

Related News