ਚੀਨ ਦੀ ਰੈੱਡ ਕਰਾਸ ਨੇ ਭੂਚਾਲ ਪ੍ਰਭਾਵਿਤ ਸੀਰੀਆ ਲਈ ਭੇਜੀ ਸਹਾਇਤਾ
Monday, Feb 13, 2023 - 04:09 PM (IST)

ਬੀਜਿੰਗ (ਵਾਰਤਾ)- ਚੀਨ ਦੀ ਰੈੱਡ ਕਰਾਸ ਸੋਸਾਇਟੀ ਆਫ ਚਾਈਨਾ (ਆਰ.ਸੀ.ਐੱਸ.ਸੀ.) ਨੇ ਵਿਨਾਸ਼ਕਾਰੀ ਭੂਚਾਲ ਤੋਂ ਪ੍ਰਭਾਵਿਤ ਸੀਰੀਆ ਵਿੱਚ 10,000 ਲੋਕਾਂ ਲਈ ਮਨੁੱਖੀ ਸਹਾਇਤਾ ਦੀ ਦੂਜੀ ਖੇਪ ਭੇਜੀ ਹੈ। ਚੀਨੀ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਈਨਾ ਸੈਂਟਰਲ ਟੈਲੀਵਿਜ਼ਨ ਪ੍ਰਸਾਰਕ ਨੇ ਕਿਹਾ ਕਿ ਸਹਾਇਤਾ ਦੀ ਖੇਪ ਵਿੱਚ ਟੈਂਟ, ਗਰਮ ਜੈਕਟਾਂ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ। ਸੰਗਠਨ ਨੇ ਪਿਛਲੇ ਹਫ਼ਤੇ ਸੀਰੀਆ ਨੂੰ ਮੈਡੀਕਲ ਸਪਲਾਈ ਅਤੇ ਬਚਾਅ ਟੀਮਾਂ ਭੇਜੀਆਂ ਸਨ।
ਕੁੱਲ ਮਿਲਾ ਕੇ, ਚੀਨੀ ਸਰਕਾਰ ਨੇ ਐਮਰਜੈਂਸੀ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਲਗਭਗ 40 ਲੱਖ 40 ਹਜ਼ਾਰ ਡਾਲਰ ਅਲਾਟ ਕੀਤੇ। ਚੀਨ ਨੇ ਸੀਰੀਆ ਲਈ ਭੋਜਨ ਸਹਾਇਤਾ ਯੋਜਨਾ ਨੂੰ ਵੀ ਤੇਜ਼ ਕਰ ਦਿੱਤਾ ਹੈ। ਚੀਨ ਪਹਿਲਾਂ ਹੀ ਸੀਰੀਆ ਨੂੰ 220 ਟਨ ਕਣਕ ਭੇਜ ਚੁੱਕਾ ਹੈ, ਜਦੋਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ 3,000 ਟਨ ਚੌਲ ਅਤੇ ਕਣਕ ਉੱਥੇ ਭੇਜੇ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਤੁਰਕੀ ਅਤੇ ਸੀਰੀਆ ਦੇ ਕੁਝ ਹਿੱਸਿਆਂ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 33,000 ਨੂੰ ਪਾਰ ਕਰ ਗਈ ਹੈ ਅਤੇ ਹਜ਼ਾਰਾਂ ਘਰ ਤਬਾਹ ਹੋ ਗਏ।