ਚੀਨ ਦਾ ਆਰਥਿਕ ਸੰਕਟ ਵਧਿਆ, ਅਕਤੂਬਰ ''ਚ ਸੁਸਤ ਪਿਆ ਨਿਰਮਾਣ
Wednesday, Oct 31, 2018 - 08:37 PM (IST)

ਪੇਈਚਿੰਗ - ਚੀਨ ਦੀ ਅਮਰੀਕਾ ਨਾਲ ਵਧਦੀ ਟ੍ਰੇਡ ਵਾਰ (ਵਪਾਰ ਜੰਗ) ਨਵੇਂ ਸਿਖਰ 'ਤੇ ਪਹੁੰਚ ਰਹੀ ਹੈ, ਉਥੇ ਹੀ ਕਮਿਊਨਿਸਟ ਦੇਸ਼ (ਚੀਨ) ਸਾਹਮਣੇ ਨਵੀਆਂ ਚੁਣੌਤੀਆਂ ਦੇ ਆਉਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਰਥਿਕ ਵਾਧੇ ਦੀ ਰਫਤਾਰ ਨਰਮ ਪੈ ਜਾਣ ਅਤੇ ਯੁਆਨ ਦੇ ਡਿੱਗਣ ਤੋਂ ਬਾਅਦ ਅਕਤੂਬਰ ਮਹੀਨੇ 'ਚ ਚੀਨ ਦਾ ਨਿਰਮਾਣ ਖੇਤਰ ਵੀ ਸੁਸਤ ਹੋ ਗਿਆ ਹੈ।
ਚੀਨ ਦੇ ਨੈਸ਼ਨਲ ਬਿਊਰੋ ਆਫ ਸਟੈਟੇਸਟਿਕਸ ਦੇ ਅੰਕੜਿਆਂ ਮੁਤਾਬਕ ਕਾਰੋਬਾਰੀ ਗਤੀਵਿਧੀਆਂ ਦਾ ਸੰਕੇਤ ਦੇਣ ਵਾਲਾ ਖਰੀਦਦਾਰੀ ਇੰਡੈਕਸ ਸੂਚਕ ਅੰਕ (ਪੀ. ਐੱਮ. ਆਈ.) ਸਤੰਬਰ ਦੇ 50.8 ਤੋਂ ਡਿੱਗ ਕੇ ਅਕਤੂਬਰ 'ਚ 50.2 'ਤੇ ਆ ਗਿਆ। ਇਹ ਮਾਹਿਰਾਂ ਦੇ ਅੰਦਾਜ਼ੇ ਤੋਂ ਵੀ ਹੇਠਾਂ ਦਾ ਪੱਧਰ ਹੈ। ਅਰਥਸ਼ਾਸਤਰੀਆਂ ਦੇ ਬਲੂਮਬਰਗ ਨਿਊਜ਼ ਸਰਵੇਖਣ 'ਚ ਪੀ. ਐੱਮ. ਆਈ. ਅਕਤੂਬਰ 'ਚ 50.6 'ਤੇ ਰਹਿਣ ਦਾ ਅੰਦਾਜ਼ਾ ਸੀ। ਹਾਲਾਂਕਿ ਅੰਕੜਿਆਂ 'ਚ ਵਾਧੇ ਦੀ ਰਫਤਾਰ ਸੁਸਤ ਪੈਣ ਦੇ ਸੰਕੇਤ ਮਿਲੇ ਹਨ ਪਰ ਨਿਰਮਾਣ ਖੇਤਰ ਹੁਣ ਵੀ ਵਾਧੇ ਦੇ ਰਸਤੇ 'ਤੇ ਬਣਿਆ ਹੋਇਆ ਹੈ।
ਅਕਤੂਬਰ ਦਾ ਪੀ. ਐੱਮ. ਆਈ. ਚੀਨ ਦੀ ਸਰਕਾਰ ਦੇ ਸਾਲਾਨਾ ਟੀਚੇ ਦੇ ਬਰਾਬਰ ਹੀ ਰਿਹਾ ਪਰ ਗਿਰਾਵਟ ਦਾ ਦਬਾਅ ਚੀਨ ਦੇ ਰਾਜਨੀਤਕ ਟੀਚਿਆਂ ਮਸਲਨ ਸਾਲ 2020 ਤੱਕ ਗਰੀਬੀ ਦਾ ਖਾਤਮਾ ਅਤੇ ਖੁਸ਼ਹਾਲ ਸਮਾਜ ਦਾ ਵਿਕਾਸ ਆਦਿ ਦੇ ਹਾਸਲ ਕਰ ਲਏ ਜਾਣ 'ਤੇ ਇਸ ਨਾਲ ਜੋਖਮ ਖੜ੍ਹਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ਦੀ ਆਰਥਿਕ ਵਾਧਾ ਦਰ ਤੀਜੀ ਤਿਮਾਹੀ 'ਚ ਡਿੱਗ ਕੇ 6.5 ਫੀਸਦੀ 'ਤੇ ਆ ਗਈ।